ਖਬਰਿਸਤਾਨ ਨੈੱਟਵਰਕ- ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਅੱਜ ਆਪਣੇ ਭਰਾ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਰੱਖੜੀ ਬੰਨ੍ਹਣ ਲਈ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਪੁੱਜੇ। ਮਜੀਠੀਆ ਨੂੰ ਨਜ਼ਰਬੰਦ ਹੋਇਆਂ ਨੂੰ 40 ਦਿਨਾਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ।
ਇਸ ਮੌਕੇ ਗੱਲਬਾਤ ਕਰਦੇ ਹੋਏ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਰੱਖੜੀ ਵਾਲੇ ਦਿਨ ਵੀ ਮੈਨੂੰ ਮਿਲਣ ਨਹੀਂ ਦੇ ਰਹੀ। ਮੈਨੂੰ ਜੇਲ੍ਹ ਦੇ ਬਾਹਰ ਕਾਫ਼ੀ ਸਮਾਂ ਰੋਕੀ ਰੱਖਿਆ ਗਿਆ।
ਬੀਬੀ ਬਾਦਲ ਨੇ ਕਿਹਾ ਕਿ ਉਹ ਪਿਛਲੇ ਮਹੀਨਿਆਂ ਤੋਂ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਲਈ ਆਗਿਆ ਮੰਗ ਰਹੇ ਸਨ ਅਤੇ ਹੁਣ ਪਿਛਲੇ ਕਰੀਬ ਚਾਰ ਦਿਨਾਂ ਤੋਂ ਰੱਖੜੀ ਬੰਨਣ ਦੀ ਆਗਿਆ ਮੰਗ ਰਹੇ ਹਨ, ਜੋ ਪੰਜਾਬ ਸਰਕਾਰ ਨਹੀਂ ਦੇ ਰਹੀ।
25 ਜੂਨ ਅੰਮ੍ਰਿਤਸਰ ਸਥਿਤ ਘਰ ਤੋਂ ਹੋਈ ਸੀ ਗ੍ਰਿਫਤਾਰੀ
ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਵਿਜੀਲੈਂਸ ਨੇ 25 ਜੂਨ ਅੰਮ੍ਰਿਤਸਰ ਸਥਿਤ ਘਰ ਤੋਂ ਗ੍ਰਿਫਤਾਰ ਕੀਤਾ ਸੀ। ਉਦੋਂ ਤੋਂ ਮਜੀਠੀਆ ਨਾਭਾ ਜੇਲ੍ਹ ਵਿਚ ਬੰਦ ਹਨ।ਇਸ ਸਮੇਂ ਦੌਰਾਨ, ਵਿਜੀਲੈਂਸ ਨੇ ਕੇਸ ਨੂੰ ਮਜ਼ਬੂਤ ਕਰਨ ਲਈ ਪੂਰੀ ਕੋਸ਼ਿਸ਼ ਕੀਤੀ ਹੈ। 2021 ਵਿੱਚ ਕਾਂਗਰਸ ਸਰਕਾਰ ਦੌਰਾਨ ਦਰਜ ਕੀਤੇ ਗਏ ਇਸ ਮਾਮਲੇ ਦੇ ਤਹਿਤ, ਤਤਕਾਲੀ ਡੀਜੀਪੀ ਸਿਧਾਰਥ ਚਟੋਪਾਧਿਆਏ, ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਅਤੇ ਮਜੀਠੀਆ ਦੇ ਸਾਬਕਾ ਪੀਏ ਸਮੇਤ ਕੁੱਲ ਛੇ ਲੋਕਾਂ ਦੇ ਬਿਆਨ ਦਰਜ ਕੀਤੇ ਗਏ ਹਨ। ਪੰਜਾਬ, ਹਿਮਾਚਲ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਛਾਪੇਮਾਰੀ ਕਰਕੇ ਉਨ੍ਹਾਂ ਦੀਆਂ ਜਾਇਦਾਦਾਂ ਦੀ ਜਾਂਚ ਵੀ ਕੀਤੀ ਗਈ ਹੈ।