ਪੰਜਾਬ ਕਾਂਗਰਸ ਵਿੱਚ ਸਿਆਸੀ ਤਣਾਅ ਵਧ ਗਿਆ ਹੈ ਕਾਂਗਰਸ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੇ ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਨੇਤਾ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਬੀਤੀ ਸ਼ਾਮ ਕਾਂਗਰਸ ਨੇ ਉਨ੍ਹਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ, ਪਰ ਅਜੇ ਪੂਰੀ ਤਰ੍ਹਾਂ ਬਾਹਰ ਨਹੀਂ ਕੱਢਿਆ ਹੈ।
ਰੰਧਾਵਾ ਨੇ ਕਾਨੂੰਨੀ ਨੋਟਿਸ ਵਿੱਚ ਮੰਗ ਕੀਤੀ ਹੈ ਕਿ ਨਵਜੋਤ ਕੌਰ ਸਿੱਧੂ ਸੱਤ ਦਿਨਾਂ ਦੇ ਅੰਦਰ ਮੁਆਫ਼ੀ ਮੰਗਣ, ਨਹੀਂ ਤਾਂ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਨੋਟਿਸ ਉਹਨਾਂ ਦਾਅਵਿਆਂ ਦੇ ਜਵਾਬ ਵਿੱਚ ਜਾਰੀ ਕੀਤਾ ਗਿਆ, ਜਿੱਥੇ ਉਨ੍ਹਾਂ ਨੇ ਰੰਧਾਵਾ ‘ਤੇ ਦੋਸ਼ ਲਾਇਆ ਸੀ ਕਿ ਉਹ ਗੈਂਗਸਟਰਾਂ ਨਾਲ ਸਬੰਧਤ ਹਨ ਅਤੇ ਰੰਧਾਵਾ ਨੇ ਰਾਜਸਥਾਨ ਵਿੱਚ ਪੈਸੇ ਲਈ ਟਿਕਟਾਂ ਵੇਚੀਆਂ ਸਨ, ਜਿਸ ਕਾਰਨ ਕਾਂਗਰਸ ਦੀ ਹਾਰ ਹੋਈ।
ਬੀਤੀ ਦਿਨੀਂ ਨਵਜੋਤ ਕੌਰ ਦੇ ਨਵਜੋਤ ਸਿੱਧੂ ਦੇ ਸੀਐੱਮ ਬਣਨ ਦੇ ਬਿਆਨ ਨਾਲ ਪਾਰਟੀ ‘ਚ ਹੜਕੰਪ ਮੱਚ ਗਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ “ਸਿੱਧੂ ਤਾਂ ਹੀ ਐਕਟਿਵ ਹੋਣਗੇ ਜੇਕਰ ਕਾਂਗਰਸ ਉਨ੍ਹਾਂ ਨੂੰ ਪੰਜਾਬ ਵਿੱਚ ਮੁੱਖ ਮੰਤਰੀ ਦਾ ਫੇਸ ਬਣਾਉਂਦੀ ਹੈ। ਮੈਨੂੰ ਨਹੀਂ ਲੱਗਦਾ ਕਿ ਸਿੱਧੂ ਨੂੰ ਤਰੱਕੀ ਦਿੱਤੀ ਜਾਵੇਗੀ, ਕਿਉਂਕਿ ਇੱਥੇ (ਕਾਂਗਰਸ ਵਿੱਚ) ਪਹਿਲਾਂ ਹੀ ਪੰਜ ਮੁੱਖ ਮੰਤਰੀ ਹਨ ਅਤੇ ਉਹ ਕਾਂਗਰਸ ਨੂੰ ਹਰਾਉਣ ‘ਚ ਲੱਗੇ ਹਨ।”
ਜਦੋਂ ਕਾਂਗਰਸ ਮੈਂਬਰਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ, ਤਾਂ ਉਨ੍ਹਾਂ ਨੇ ਸੂਬਾ ਪ੍ਰਧਾਨ ਰਾਜਾ ਵੜਿੰਗ, ਬਾਜਵਾ, ਰੰਧਾਵਾ ਅਤੇ ਚੰਨੀ ਨੂੰ ਨਿਸ਼ਾਨਾ ਬਣਾਇਆ, ਟਿਕਟ ਵੇਚਣ ਤੋਂ ਲੈ ਕੇ ਕਾਂਗਰਸ ਪਾਰਟੀ ਨੂੰ ਬਰਬਾਦ ਕਰਨ ਤੱਕ ਦੇ ਦੋਸ਼ ਲਗਾਏ।



