ਖ਼ਬਰਿਸਤਾਨ ਨੈੱਟਵਰਕ: ਦੇਸ਼ ਭਰ ਵਿਚ ਅੱਜ ਈਦ-ਉਲ-ਫਿਤਰ ਦਾ ਤਿਉਹਾਰ ਮੁਸਲਿਮ ਭਾਈਚਾਰੇ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਜਲੰਧਰ ਵਿੱਚ ਵੀ ਈਦ-ਉਲ-ਫਿਤਰ ਦੀ ਨਮਾਜ਼ ਅਦਾ ਕੀਤੀ ਗਈ। ਜਲੰਧਰ ਸ਼ਹਿਰ ਵਿੱਚ ਈਦ ਦੇ ਤਿਉਹਾਰ ਦੀ ਖੂਬ ਰੌਣਕ ਦੇਖੀ ਗਈ।
ਈਦ ਦੇ ਤਿਉਹਾਰ ਦੀ ਸਭ ਪਾਸੇ ਰੌਣਕ
ਈਦ ਦੇ ਮੌਕੇ ਪੰਜਾਬ ਭਰ ਵਿੱਚ ਵੱਖ-ਵੱਖ ਥਾਵਾਂ ‘ਤੇ ਮੁਸਲਿਮ ਭਾਈਚਾਰੇ ਦੇ ਲੋਕ ਇਕੱਠੇ ਹੋਏ ਤੇ ਮਿਲ ਕੇ ਨਮਾਜ਼ ਅਦਾ ਕੀਤੀ । ਮੁਸਲਿਮ ਭਾਈਚਾਰੇ ਨੇ ਇਕ ਦੂਜੇ ਦੇ ਗਲੇ ਲੱਗ ਕੇ ਈਦ ਦੀ ਮੁਬਾਰਕਬਾਦ ਵੀ ਦਿੱਤੀ। ਸਾਰਿਆਂ ਦੀ ਖੁਸ਼ੀ ਅਤੇ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ ਗਈ।
ਈਦਗਾਹ ਗੁਲਾਬ ਦੇਵੀ ਰੋਡ ਵਿਖੇ ਅਦਾ ਕੀਤੀ ਗਈ ਨਮਾਜ਼
ਭਾਈਚਾਰਕ ਸਾਂਝ ਦੇ ਪ੍ਰਤੀਕ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਅਤੇ ਈਦਗਾਹ ਗੁਲਾਬ ਦੇਵੀ ਰੋਡ ਦੇ ਮੁਖੀ ਨਾਸਿਰ ਸਲਮਾਨੀ ਨੇ ਦੱਸਿਆ ਕਿ ਜਲੰਧਰ ਦੀ ਸਭ ਤੋਂ ਵੱਡੀ ਅਤੇ ਪੁਰਾਣੀ ਇਤਿਹਾਸਕ ਈਦਗਾਹ ਵਿੱਚ ਸੋਮਵਾਰ ਸਵੇਰੇ 9 ਵਜੇ ਨਮਾਜ਼ ਅਦਾ ਕੀਤੀ ਗਈ।
MP ਚਰਣਜੀਤ ਚੰਨੀ ਵੀ ਨਮਾਜ਼ ਅਦਾ ਕਰਨ ਲਈ ਪੁੱਜੇ
ਈਦ ਮੌਕੇ ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪੁਲਿਸ ਦੇ ਏਡੀਜੀਪੀ ਐਮਐਫ ਫਾਰੂਕੀ ਅਤੇ ਸਾਬਕਾ ਕਾਂਗਰਸੀ ਵਿਧਾਇਕ ਰਜਿੰਦਰ ਬੇਰੀ ਅੱਜ ਗੁਲਾਬ ਦੇਵੀ ਰੋਡ ‘ਤੇ ਸਥਿਤ ਈਦਗਾਹ ‘ਤੇ ਨਮਾਜ਼ ਅਦਾ ਕਰਨ ਲਈ ਪਹੁੰਚੇ, ਜਿਥੇ ਉਨ੍ਹਾਂ ਸਮੂਹ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ।