ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਮਾਮਲੇ ‘ਚ ਇੱਕ ਤੋਂ ਬਾਅਦ ਇੱਕ ਖੁਲਾਸੇ ਹੋ ਰਹੇ ਹਨ। ਪੰਜਾਬ ਪੁਲਿਸ ਦੇ ਇੱਕ ਸਬ-ਇੰਸਪੈਕਟਰ ਦੇ ਡੀਆਈਜੀ ਨਾਲ ਵੀ ਸੰਬੰਧ ਹਨ। ਭੁੱਲਰ ਨੇ ਲੁਧਿਆਣਾ ਦੇ ਮੰਡ ਸ਼ੇਰੀਆਂ ਪਿੰਡ ਵਿੱਚ ਆਪਣੇ ਫਾਰਮ ਹਾਊਸ ਵਿੱਚ ਐਸਆਈ ਨੂੰ ਕੇਅਰਟੇਕਰ ਵਜੋਂ ਨੌਕਰੀ ‘ਤੇ ਰੱਖਿਆ ਸੀ। ਇਸਦੇ ਨਾਲ ਫ਼ਾਰਮ ਹਾਊਸ ਦੇ ਨਾਲ ਲੱਗਦੀ 55 ਏਕੜ ਜ਼ਮੀਨ ਦੀ ਸੰਭਾਲਣ ਦੀ ਜ਼ਿੰਮੇਵਾਰੀ ਵੀ ਦਿੱਤੀ ਸੀ।
ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ CBI ਨੇ 16 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਭੁੱਲਰ ਦੀ ਹਵੇਲੀ ‘ਤੇ ਛਾਪਾ ਮਾਰਿਆ ਸੀ ਤਾਂ ਐਸਆਈ ਆਪਣੇ ਸਾਮਾਨ ਸਮੇਤ ਗਾਇਬ ਹੋ ਗਿਆ ਸੀ।
ਦੁਬਈ ਅਤੇ ਕੈਨੇਡਾ ਵਿੱਚ ਜਾਇਦਾਦਾਂ ਦਾ ਖੁਲਾਸਾ
ਸੀਬੀਆਈ ਸੂਤਰਾਂ ਅਨੁਸਾਰ, ਭੁੱਲਰ ਦੇ ਦੁਬਈ ਵਿੱਚ ਦੋ ਅਤੇ ਕੈਨੇਡਾ ਵਿੱਚ ਤਿੰਨ ਫਲੈਟਾਂ ਦਾ ਹੁਣ ਤੱਕ ਪਤਾ ਲੱਗਿਆ ਹੈ। ਇਸ ਤੋਂ ਇਲਾਵਾ, ਏਜੰਸੀ ਨੇ ਲੁਧਿਆਣਾ ਵਿੱਚ ਲਗਭਗ 55 ਏਕੜ ਜ਼ਮੀਨ ਅਤੇ ਮਾਛੀਵਾੜਾ ਖੇਤਰ ਵਿੱਚ 20 ਦੁਕਾਨਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਹੈ। ਸੀਬੀਆਈ ਨੂੰ ਸ਼ੱਕ ਹੈ ਕਿ ਭੁੱਲਰ ਨੇ ਇਹ ਜਾਇਦਾਦਾਂ ਵਿਦੇਸ਼ਾਂ ਵਿੱਚ ਆਪਣੀ ਗੈਰ-ਕਾਨੂੰਨੀ ਕਮਾਈ ਦਾ ਨਿਵੇਸ਼ ਕਰਕੇ ਖਰੀਦੀਆਂ ਸਨ। ਏਜੰਸੀ ਹੁਣ ਇਨ੍ਹਾਂ ਜਾਇਦਾਦਾਂ ਦੇ ਫੰਡਿੰਗ ਸਰੋਤ ਦੀ ਜਾਂਚ ਕਰ ਰਹੀ ਹੈ ਅਤੇ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਇਹ ਕਿਸੇ ਹੋਰ ਦੇ ਨਾਮ ‘ਤੇ ਖਰੀਦੀਆਂ ਗਈਆਂ ਸਨ।
24 ਅਕਤੂਬਰ ਨੂੰ ਮਾਛੀਵਾੜਾ ਫਾਰਮਹਾਊਸ ‘ਤੇ ਛਾਪਾ
ਸੀਬੀਆਈ ਨੇ 24 ਅਕਤੂਬਰ ਨੂੰ ਲੁਧਿਆਣਾ ਦੇ ਮਾਛੀਵਾੜਾ ਵਿੱਚ ਭੁੱਲਰ ਦੇ ਫਾਰਮਹਾਊਸ ‘ਤੇ ਛਾਪਾ ਮਾਰਿਆ, ਕਈ ਮਹੱਤਵਪੂਰਨ ਦਸਤਾਵੇਜ਼ ਅਤੇ ਡਿਜੀਟਲ ਰਿਕਾਰਡ ਜ਼ਬਤ ਕੀਤੇ।