ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ 3 ਦਿਨਾਂ ਦੀ ਭਾਰੀ ਬਾਰਿਸ਼ ਅਤੇ ਬਰਫ਼ਬਾਰੀ ਹੋ ਰਹੀ ਹੈ ਤੇ ਅੱਜ 3 ਦਿਨਾਂ ਬਾਅਦ ਪੱਛਮੀ ਗੜਬੜੀ ਕਮਜ਼ੋਰ ਹੋ ਗਈ ਹੈ। ਇਸ ਕਾਰਨ ਅੱਜ ਅਤੇ ਭਲਕੇ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। 3 ਮਾਰਚ ਨੂੰ ਫਿਰ ਤੋਂ ਬਾਰਿਸ਼ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। 5 ਅਤੇ 6 ਮਾਰਚ ਨੂੰ ਸੂਬੇ ਭਰ ਵਿੱਚ ਮੌਸਮ ਪੂਰੀ ਤਰ੍ਹਾਂ ਸਾਫ਼ ਰਹੇਗਾ।
ਬਰਫ਼ਬਾਰੀ ਕਾਰਨ 650 ਤੋਂ ਵੱਧ ਸੜਕਾਂ ਹੋਈਆਂ ਠੱਪ
ਇਸ ਦੇ ਨਾਲ ਹੀ ਸੂਬੇ ਵਿੱਚ ਤਿੰਨ ਦਿਨਾਂ ਤੋਂ ਪੈ ਰਹੀ ਬਰਫ਼ਬਾਰੀ ਕਾਰਨ 650 ਤੋਂ ਵੱਧ ਸੜਕਾਂ ਅਤੇ 2300 ਤੋਂ ਵੱਧ ਬਿਜਲੀ ਦੇ ਟਰਾਂਸਫ਼ਾਰਮਰ ਠੱਪ ਹੋ ਗਏ ਹਨ। ਲਾਹੌਲ ਸਪਿਤੀ, ਚੰਬਾ, ਕੁੱਲੂ ਅਤੇ ਕਿਨੌਰ ਦੇ ਕਈ ਇਲਾਕਿਆਂ ‘ਚ 73 ਘੰਟਿਆਂ ਤੋਂ ਜ਼ਿਆਦਾ ਸਮੇਂ ਤੋਂ ਬਿਜਲੀ ਗੁੱਲ ਹੈ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬਰਫਬਾਰੀ ਤੋਂ ਬਾਅਦ ਹੇਠਾਂ ਆਇਆ ਤਾਪਮਾਨ
ਮੀਂਹ ਅਤੇ ਬਰਫ਼ਬਾਰੀ ਤੋਂ ਬਾਅਦ ਪਹਾੜਾਂ ‘ਤੇ ਠੰਡ ਫਿਰ ਵਾਪਸ ਆ ਗਈ ਹੈ। ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 7.5 ਡਿਗਰੀ ਹੇਠਾਂ ਆ ਗਿਆ ਹੈ। ਮੰਡੀ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 14.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਵੱਧ ਤੋਂ ਵੱਧ ਤਾਪਮਾਨ 10.7 ਡਿਗਰੀ ਰਿਹਾ ਹੈ।