ਜਲੰਧਰ ਦੇ ਟਾਂਡਾ ਫਾਟਕ ‘ਤੇ ਇੱਕ ਓਵਰਲੋਡ ਟਰੱਕ ਬੇਕਾਬੂ ਹੋ ਗਿਆ। ਜਿਸ ਕਾਰਣ ਰੇਲਵੇ ਟਰੈਕ ‘ਤੇ ਹੜਕੰਪ ਮੱਚ ਗਿਆ। ਪਰ ਖੁਸ਼ਕਿਸਮਤੀ ਇਹ ਰਹੀ ਕਿ ਟਰੱਕ ਕਿਸੇ ਹੋਰ ਵਾਹਨ ਉੱਤੇ ਨਹੀਂ ਪਲਟਿਆ, ਨਹੀਂ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ।
ਵਾਈਰਲ ਵੀਡੀਉ ‘ਚ ਦੇਖਿਆ ਜਾ ਸਕਦਾ ਹੈ ਕਿ ਟਾਂਡਾ ਫਾਟਕ ਦੇ ਰੇਲਵੇ ਟਰੈਕ ‘ਤੇ ਰੇਲ ਗੱਡੀ ਆਉਣ ਕਾਰਨ ਕਰਮਚਾਰੀ ਵੱਲੋਂ ਫਾਟਕ ਬੰਦ ਕੀਤਾ ਜਾ ਰਿਹਾ ਸੀ। ਇਸ ਦੌਰਾਨ ਇੱਕ ਓਵਰਲੋਡ ਟਰੱਕ ਆ ਗਿਆ ਅਤੇ ਫਾਟਕ ਦੇ ਨੇੜੇ ਹੀ ਬੇਕਾਬੂ ਹੋ ਗਿਆ, ਜਿਸ ਕਾਰਨ ਟਰੱਕ ਸੜਕ ‘ਤੇ ਟੇਢਾ ਹੋ ਗਿਆ। ਇਸ ਤੋਂ ਬਾਅਦ ਕਰੇਨ ਦੀ ਮਦਦ ਨਾਲ ਟਰੱਕ ਨੂੰ ਫਾਟਕ ਦੇ ਕੋਲੋਂ ਹਟਾਇਆ ਜਾ ਰਿਹਾ ਹੈ।
ਇਸ ਮਾਮਲੇ ਨੂੰ ਲੈ ਕੇ ਵਪਾਰੀਆਂ ਵਿੱਚ ਰੋਸ ਵੀ ਪਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਵਪਾਰੀਆਂ ਨੇ ਦੱਸਿਆ ਕਿ ਟਰੱਕ ਚਾਲਕ ਨਕੋਦਰ ਰੋਡ ਜਾਂ ਕਪੂਰਥਲਾ ਰੋਡ ਵੱਲ ਜਾਣ ਲਈ ਸ਼ਾਰਟਕਟ ਰਸਤਾ ਟਾਂਡਾ ਫਾਟਕ ਰਾਹੀਂ ਲੈਂਦੇ ਹਨ। ਟਰੱਕ ਚਾਲਕਾਂ ਵੱਲੋਂ ਸ਼ਾਰਟਕਟ ਰਸਤਾ ਅਪਣਾਉਣ ਕਾਰਨ ਕਦੇ ਵੀ ਵੱਡਾ ਹਾਦਸਾ ਹੋ ਸਕਦਾ ਹੈ।
ਹਾਲ ਹੀ ਵਿੱਚ ਰੇਲਵੇ ਟਰੈਕ ‘ਤੇ ਇੱਟਾਂ ਨਾਲ ਭਰੀ ਟਰਾਲੀ ਫਸ ਗਈ ਸੀ, ਜਿਸ ਕਾਰਨ ਟ੍ਰੇਨਾਂ ਦੀ ਆਵਾਜਾਈ ਰੁਕ ਗਈ ਸੀ। ਦਰਅਸਲ, ਉਸ ਸਮੇਂ ਟਰਾਲੀ ਦਾ ਜੈਕ ਟੁੱਟਣ ਕਾਰਨ ਹਾਦਸਾ ਹੋਇਆ ਸੀ। ਗਨੀਮਤ ਇਹ ਰਹੀ ਕਿ ਉਸ ਸਮੇਂ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਦੱਸਣਯੋਗ ਹੈ ਕਿ 8 ਤੋਂ 10 ਸਾਲ ਪਹਿਲਾਂ ਵੀ ਓਵਰਲੋਡ ਟਰੱਕ ਕਾਰਨ ਕਈ ਲੋਕਾਂ ਦੀ ਜਾਨ ਗਈ ਸੀ। ਉਸ ਸਮੇਂ ਟਰੱਕ ਦੀ ਬਰੇਕ ਫੇਲ ਹੋਣ ਕਾਰਨ ਬੰਦ ਫਾਟਕ ‘ਤੇ ਖੜ੍ਹੇ ਵਾਹਨਾਂ ਨਾਲ ਟਰੱਕ ਦੀ ਟੱਕਰ ਹੋ ਗਈ ਸੀ ਅਤੇ ਇਸ ਹਾਦਸੇ ਵਿੱਚ ਫਾਟਕ ਟੁੱਟ ਗਿਆ ਸੀ। ਵਾਹਨ ਰੇਲਵੇ ਟਰੈਕ ‘ਤੇ ਜਾ ਡਿੱਗੇ ਸਨ ਅਤੇ ਜਨ ਸ਼ਤਾਬਦੀ ਟ੍ਰੇਨ ਦੀ ਚਪੇਟ ਵਿੱਚ ਆ ਗਏ ਸਨ।
ਇਸੇ ‘ਤੇ ਵਿੱਚ ਵਪਾਰੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਅੱਖਾਂ ਮੂੰਦ ਕੇ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ। ਇਸੇ ਕਾਰਨ ਮੁੱਖ ਬਾਜ਼ਾਰਾਂ ਵਿੱਚ ਟਰੱਕਾਂ ਦੀ ਆਵਾਜਾਈ ‘ਤੇ ਰੋਕ ਨਹੀਂ ਲਗਾਈ ਜਾ ਰਹੀ। ਜਦਕਿ ਸਵੇਰੇ 9 ਵਜੇ ਤੋਂ ਬਾਅਦ ਟਰੱਕਾਂ ਦੀ ਐਂਟਰੀ ਬੰਦ ਹੋਣ ਦੇ ਬਾਵਜੂਦ ਵੀ ਟਰੱਕ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਆ ਰਹੇ ਹਨ।



