ਖਬਰਿਸਤਾਨ ਨੈੱਟਵਰਕ- ਪੰਜਾਬ ਵਿਚ ਅੱਜ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕੀਤੀ ਜਾ ਰਹੀ ਹੈ। ਇਹ ਪਹਿਲੀ ਵਾਰ ਹੈ ਕਿ ਖਰੀਦ ਪ੍ਰਕਿਰਿਆ ਤੈਅ ਮਿਤੀ ਤੋਂ 15 ਦਿਨ ਪਹਿਲਾਂ ਸ਼ੁਰੂ ਕੀਤੀ ਗਈ ਹੈ। ਪਹਿਲਾਂ ਹਰ ਸਾਲ ਝੋਨੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੁੰਦੀ ਸੀ। ਇਸ ਵਾਰ ਸਰਕਾਰ ਨੇ ਕਿਸਾਨਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਫ਼ੈਸਲਾ ਲਿਆ ਹੈ, ਜਿਨ੍ਹਾਂ ਕਿਸਾਨਾਂ ਦੇ ਖੇਤਾਂ ਵਿੱਚ ਝੋਨਾ ਪਹਿਲਾਂ ਹੀ ਤਿਆਰ ਹੋ ਗਿਆ ਹੈ, ਉਹਨਾਂ ਨੂੰ ਫ਼ਸਲ ਸੰਭਾਲ ਕੇ ਰੱਖਣ ਦੀ ਕੋਈ ਸਿਰਦਰਦੀ ਨਹੀਂ ਹੋਵੇਗੀ। ਮੰਡੀਆਂ ਵਿੱਚ ਵੱਧ ਭੀੜ ਨਹੀਂ ਹੋਵੇਗੀ, ਜਿਸ ਨਾਲ ਆਵਾਜਾਈ ਤੇ ਤੋਲਣ ਦੀ ਪ੍ਰਿਕਰਆ ਤੇਜ਼ ਹੋ ਜਾਵੇਗੀ।
1822 ਮੰਡੀਆਂ ਚ ਬਣਾਏ ਖਰੀਦ ਕੇਂਦਰ
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਝੋਨੇ ਦੀ ਖਰੀਦ ਲਈ 1822 ਮੰਡੀਆਂ ਤਿਆਰ ਕੀਤੀਆਂ ਗਈਆਂ ਹਨ, ਜਿੱਥੇ ਝੋਨੇ ਦੀ ਖਰੀਦ ਕੀਤੀ ਜਾਵੇਗੀ।ਦੱਸ ਦੇਈਏ ਕਿ ਸਰਕਾਰ ਦਾ ਮਕਸਦ ਇਹ ਵੀ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਮੁਲ ਸਮੇਂ ‘ਤੇ ਮਿਲੇ ਅਤੇ ਉਨ੍ਹਾਂ ਦਾ ਆਰਥਿਕ ਦਬਾਅ ਘਟੇ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੰਡੀਆਂ ਵਿੱਚ ਸਾਰੀਆਂ ਤਿਆਰੀਆਂ ਮੁਕੰਮਲ ਹਨ। ਟਰਾਲੀਆਂ ਦੇ ਤੋਲਣ ਲਈ ਪ੍ਰਬੰਧ, ਅਨਾਜ ਸਟੋਰੇਜ ਲਈ ਗੋਦਾਮ ਤੇ ਪੀਣ ਵਾਲੇ ਪਾਣੀ ਤੇ ਬਿਜਲੀ ਦੀ ਸਹੂਲਤ ਯਕੀਨੀ ਬਣਾਇਆ ਜਾ ਰਿਹਾ। ਪਿਛਲੇ ਕਈ ਸਾਲਾਂ ਤੋਂ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਝੋਨੇ ਦੀ ਖਰੀਦ ਪਹਿਲਾਂ ਕਰਨੀ ਚਾਹੀਦੀ ਹੈ ਕਿਉਂਕਿ ਸਤੰਬਰ ਦੇ ਮਹੀਨੇ ਵਿੱਚ ਹੀ ਬਹੁਤ ਸਾਰਾ ਝੋਨਾ ਤਿਆਰ ਹੋ ਜਾਂਦਾ ਹੈ। ਹੁਣ ਸਰਕਾਰ ਦੇ ਇਸ ਫ਼ੈਸਲੇ ਨਾਲ ਕਿਸਾਨਾਂ ਲਈ ਵੀ ਇਕ ਰਾਹਤ ਵਾਲੀ ਗੱਲ ਹੈ।
ਸਰਕਾਰ ਨੇ ਹੜ੍ਹ ਪ੍ਰਭਾਵਿਤ ਸਾਰੀਆਂ ਅਨਾਜ ਮੰਡੀਆਂ ਨੂੰ 19 ਸਤੰਬਰ ਤੱਕ ਖਰੀਦ ਸੀਜ਼ਨ ਲਈ ਪੂਰੀ ਤਰ੍ਹਾਂ ਕਾਰਜਸ਼ੀਲ ਬਣਾਉਣ ਲਈ ਖੜ੍ਹੇ ਪਾਣੀ ਅਤੇ ਗਾਰੇ ਨੂੰ ਹਟਾ ਕੇ ਦੁਬਾਰਾ ਖੋਲ੍ਹਣ ਲਈ ਇੱਕ ਵਿਸ਼ੇਸ਼ ਮੁਹਿੰਮ ਵੀ ਸ਼ੁਰੂ ਕੀਤੀ ਹੈ।