ਖਬਰਿਸਤਾਨ ਨੈੱਟਵਰਕ- ਪਟਿਆਲਾ ਤੋਂ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਵੱਡੇ ਭਰਾ ਨੇ ਆਪਣੇ ਛੋਟੇ ਸਕੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਰਿਪੋਰਟ ਮੁਤਾਬਕ ਨਾਭਾ ਅਧੀਨ ਆਉਂਦੇ ਪਿੰਡ ਜੱਸੋਮਾਜਰਾ ਵਿਚ ਵੱਡੇ ਭਰਾ ਨੇ ਆਪਣੇ ਹੀ ਛੋਟੇ ਭਰਾ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸੰਦੀਪ ਕੁਮਾਰ ਉਰਫ ਦੀਪੂ ਵਜੋਂ ਹੋਈ ਹੈ।
ਮੌਕੇ ਉਤੇ ਪੁੱਜੀ ਪੁਲਸ ਕਰ ਰਹੀ ਜਾਂਚ
ਕਤਲ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੀ ਭਾਦਸੋਂ ਪੁਲਸ ਜਾਂਚ ਵਿਚ ਜੁਟ ਗਈ ਹੈ। ਪੁਲਸ ਮਾਪਿਆਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰ ਰਹੀ ਹੈ।
ਵੱਡਾ ਭਰਾ ਸ਼ਰਾਬ ਪੀਣ ਦਾ ਸੀ ਆਦੀ
ਦੱਸਿਆ ਜਾ ਰਿਹਾ ਹੈ ਕਿ ਵੱਡਾ ਭਰਾ ਪਰਵਿੰਦਰ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਅਤੇ ਉਹ ਅਕਸਰ ਹੀ ਲੜਦਾ ਝਗੜਦਾ ਰਹਿੰਦਾ ਸੀ । ਛੋਟਾ ਭਰਾ ਮ੍ਰਿਤਕ ਸੰਦੀਪ ਕੁਮਾਰ ਉਰਫ ਦੀਪੂ ਜਦੋਂ ਆਪਣੇ ਭਰਾ ਦੇ ਘਰ ਗਿਆ ਹੋਇਆ ਸੀ, ਜਿਥੇ ਉਸ ਦੀ ਆਪਣੇ ਭਰਾ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ, ਜਿਸ ਤੋਂ ਬਾਅਦ ਵੱਡੇ ਭਰਾ ਨੇ ਉਸ ਦਾ ਕਤਲ ਕਰ ਦਿੱਤਾ।
ਮਾਪਿਆਂ ਦਾ ਬਿਆਨ
ਮ੍ਰਿਤਕ ਸੰਦੀਪ ਕੁਮਾਰ ਦੀ ਮਾਤਾ ਦਰਸ਼ਨਾ ਦੇਵੀ ਅਤੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਡਾ ਛੋਟਾ ਪੁੱਤਰ ਵੱਡੇ ਭਰਾ ਦੇ ਘਰ ਗਿਆ ਸੀ ਅਤੇ ਉਥੇ ਹੀ ਉਸ ਦਾ ਕਤਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਾਡਾ ਵੱਡਾ ਪੁੱਤ ਭੱਜਾ ਆਇਆ ਕਿ ਸੰਦੀਪ ਨੂੰ ਕਿਸੇ ਨੇ ਮਾਰ ਦਿੱਤਾ ਹੈ ਪਰ ਸਾਨੂੰ ਉਸ ਦੀ ਗੱਲ ’ਤੇ ਬਿਲਕੁਲ ਵੀ ਯਕੀਨ ਨਹੀਂ ਹੋਇਆ ਕਿਉਂਕਿ ਸੰਦੀਪ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ, ਜਿਸ ਕਰਕੇ ਉਸ ਨੂੰ ਕਿਸੇ ਵੱਲੋਂ ਮਾਰ ਦਿੱਤਾ ਗਿਆ ਹੋਵੇ। ਮਾਪਿਆਂ ਨੇ ਦੱਸਿਆ ਕਿ ਸਾਨੂੰ ਬਾਅਦ ਵਿੱਚ ਪਤਾ ਲੱਗਾ ਕਿ ਸਾਡੇ ਵੱਡੇ ਪੁੱਤਰ ਨੇ ਹੀ ਸੰਦੀਪ ਦਾ ਕਤਲ ਕਰ ਦਿੱਤਾ ਹੈ।