ਖਬਰਿਸਤਾਨ ਨੈੱਟਵਰਕ- ਫਗਵਾੜਾ ਵਿਚ ਇਕ ਵੱਡੀ ਵਾਰਦਾਤ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਥੇ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਹਮਲਾਵਰਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਅਨੁਸਾਰ ਹਦੀਆਬਾਦ ਇਲਾਕੇ ਵਿੱਚ ਇੱਕ ਕ੍ਰੇਟਾ ਕਾਰ ਵਿੱਚ ਸਵਾਰ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ।
ਬਹਿਸਬਾਜ਼ੀ ਤੋਂ ਬਾਅਦ ਹੋਈ ਫਾਇਰਿੰਗ
ਇਹ ਵਾਰਦਾਤ ਬੁੱਧਵਾਰ ਦੇਰ ਰਾਤ ਫਗਵਾੜਾ ਦੇ ਵਾਲਮੀਕੀ ਮੁਹੱਲਾ ਵਿੱਚ ਵਾਪਰੀ। ਮ੍ਰਿਤਕ ਨੌਜਵਾਨ ਦੀ ਪਛਾਣ ਅਵਿਨਾਸ਼ ਕੁਮਾਰ ਪੁੱਤਰ ਨੰਦ ਲਾਲ ਵਾਸੀ ਹਦੀਆਬਾਦ ਦੇ ਵਾਲਮੀਕੀ ਮੁਹੱਲਾ ਇਲਾਕੇ ਵਜੋਂ ਹੋਈ ਹੈ। ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਭਰਾ ਕਰਨ ਕੁਮਾਰ ਨੇ ਦੱਸਿਆ ਕਿ ਉਸਦਾ ਭਰਾ ਅਵਿਨਾਸ਼ ਕੁਮਾਰ ਆਪਣੇ ਦੋਸਤਾਂ ਨਾਲ ਹਦੀਆਬਾਦ ਦੇ ਵਾਲਮੀਕੀ ਮੁਹੱਲਾ ਇਲਾਕੇ ਵਿੱਚ ਇੱਕ ਜੰਝ ਘਰ ਵਿੱਚ ਬੈਠਾ ਸੀ ਉਦੋਂ ਉਸ ਦੀ ਕ੍ਰੇਟਾ ਕਾਰ ਵਿੱਚ ਸਵਾਰ ਹੋ ਕੇ ਆਏ ਕੁਝ ਅਣਪਛਾਤੇ ਨੌਜਵਾਨਾਂ ਨਾਲ ਬਹਿਸ ਹੋ ਗਈ। ਉਨ੍ਹਾਂ ਵਿਚੋਂ ਇੱਕ ਨੌਜਵਾਨ ਨੇ ਅਵਿਨਾਸ਼ ਦੀ ਗਰਦਨ ‘ਤੇ ਪਿਸਤੌਲ ਤਾਣ ਦਿੱਤੀ ਅਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਸ ਦੀ ਗਰਦਨ ਵਿੱਚ ਗੋਲੀ ਲੱਗ ਗਈ। ਦੋਸਤਾਂ ਦੀ ਮਦਦ ਨਾਲ ਅਵਿਨਾਸ਼ ਨੂੰ ਫਗਵਾੜਾ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਸਬੰਧੀ ਸੂਚਨਾ ਮਿਲਣ ਉਤੇ ਫਗਵਾੜਾ ਪੁਲਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਮ੍ਰਿਤਕ, ਅਵਿਨਾਸ਼ ਕੁਮਾਰ, ਢੋਲ ਵਜਾਉਣ ਦਾ ਕੰਮ ਕਰਦਾ ਸੀ।