ਖਬਰਿਸਤਾਨ ਨੈੱਟਵਰਕ- ਰਾਜਸਥਾਨ ਵਿਚ ਪਿਕਨਿਕ ਮਨਾਉਣ ਆਏ 11 ਦੋਸਤਾਂ ਵਿਚੋਂ 8 ਦੀ ਨਦੀ ਵਿਚ ਡੁੱਬਣ ਕਾਰਣ ਮੌ.ਤ ਹੋ ਗਈ। ਇਹ ਮੰਦਭਾਗੀ ਘਟਨਾ ਟੋਂਕ ਜ਼ਿਲ੍ਹੇ ਵਿਚ ਵਾਪਰੀ, ਜਿਥੇ ਜੈਪੁਰ ਤੋਂ ਘੁੰਮਣ ਆਏ 11 ਨੌਜਵਾਨਾਂ ਵਿੱਚੋਂ ਬਨਾਸ ਨਦੀ ਵਿੱਚ ਡੁੱਬਣ ਨਾਲ ਅੱਠ ਨੌਜਵਾਨਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਤਿੰਨ ਅਜੇ ਵੀ ਲਾਪਤਾ ਹਨ।
ਬਚਾਅ ਮੁਹਿੰਮ ਜਾਰੀ
ਬਾਕੀ ਦੇ 3 ਨੌਜਵਾਨਾਂ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਇਹ ਸਾਰੇ ਨੌਜਵਾਨ ਨਦੀ ਵਿੱਚ ਨਹਾਉਣ ਗਏ ਸਨ ਪਰ ਉਨ੍ਹਾਂ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ।
ਬਨਾਸ ਨਦੀ ‘ਚ ਡੁੱਬੇ 11 ਦੋਸਤ
ਮੀਡੀਆ ਰਿਪੋਰਟਾਂ ਅਨੁਸਾਰ ਇਹ ਘਟਨਾ ਦੁਪਹਿਰ 2 ਵਜੇ ਦੇ ਕਰੀਬ ਬਨਾਸ ਨਦੀ ਦੇ ਪੁਰਾਣੇ ਪੁਲ ਕੋਲ ਵਾਪਰੀ। ਉਕਤ ਨੌਜਵਾਨ ਪਿਕਨਿਕ ਮਨਾਉਣ ਆਏ ਸਨ। ਜਦੋਂ ਇਹ ਸਾਰੇ ਨਦੀ ਵਿੱਚ ਨਹਾਉਣ ਲਈ ਗਏ ਤਾਂ ਨਦੀ ਦੇ ਤੇਜ਼ ਵਹਾਅ ਅਤੇ ਡੂੰਘਾਈ ਕਾਰਨ ਅਚਾਨਕ ਉਨ੍ਹਾਂ ਦੇ ਪੈਰ ਫਿਸਲ ਗਏ, ਜਿਸ ਕਾਰਨ ਉਹ ਡੁੱਬਣ ਲੱਗ ਪਏ। ਸਥਿਤੀ ਗੰਭੀਰ ਹੁੰਦੇ ਹੀ ਨੌਜਵਾਨਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਦੀ ਸੂਚਨਾ ਆਲੇ-ਦੁਆਲੇ ਦੇ ਲੋਕਾਂ ਨੂੰ ਦਿੱਤੀ ਗਈ। ਨੇੜੇ ਮੌਜੂਦ ਲੋਕ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ।
8 ਦੀ ਮੌਤ, 3 ਦੀ ਭਾਲ ਜਾਰੀ
ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਤੁਰੰਤ ਬਚਾਅ ਸ਼ੁਰੂ ਕਰ ਦਿੱਤਾ ਗਿਆ। SDRF ਦੀ ਟੀਮ ਅਤੇ ਗੋਤਾਖੋਰ ਬਚਾਅ ਕਾਰਜ ਵਿੱਚ ਜੁਟੇ ਹੋਏ ਹਨ। ਕੁੱਲ 11 ਨੌਜਵਾਨਾਂ ਵਿੱਚੋਂ 8 ਨੂੰ ਨਦੀ ਵਿੱਚੋਂ ਕੱਢ ਲਿਆ ਗਿਆ, ਜਿਨ੍ਹਾਂ ਸਾਰਿਆਂ ਨੂੰ ਤੁਰੰਤ ਟੋਂਕ ਦੇ ਸਆਦਤ ਹਸਪਤਾਲ ਲਿਜਾਇਆ ਗਿਆ ਪਰ ਜਦੋਂ ਤੱਕ ਉਹ ਹਸਪਤਾਲ ਪਹੁੰਚੇ, ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਫਿਲਹਾਲ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਇਸ ਦੁਖਦਾਈ ਘਟਨਾ ਕਾਰਣ ਇਲਾਕੇ ਵਿਚ ਸੋਗ ਫੈਲ ਗਿਆ।
ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ
ਅਕਸਰ ਦੇਖਦੇ ਹਾਂ, ਜਦੋਂ ਵੀ ਗਰਮੀ ਵੱਧ ਜਾਂਦੀ ਹੈ ਤੇ ਨੌਜਵਾਨ ਤੇ ਬੱਚੇ ਨਹਿਰਾਂ ਤੇ ਦਰਿਆਵਾਂ ਵਿਚ ਨਹਾਉਣ ਲਈ ਚਲੇ ਜਾਂਦੇ ਹਨ ਪਰ ਕਿਸੇ ਕਾਰਣ ਕੋਈ ਘਟਨਾ ਵਾਪਰ ਜਾਣ ਕਾਰਣ ਪਾਣੀ ਵਿਚ ਡੁੱਬਣ ਦੇ ਮਾਮਲੇ ਸਾਹਮਣੇ ਆਉਂਦੇ ਹਨ। ਇਸ ਲਈ ਮਾਪੇ ਵੀ ਆਪਣੇ ਬੱਚਿਆਂ ਦਾ ਧਿਆਨ ਰੱਖਣ ਕਿ ਡੂੰਘੇ ਪਾਣੀ ਵਿਚ ਬੱਚਿਆਂ ਨੂੰ ਨਾ ਜਾਣ ਦੇਣ। ਬਰਸਾਤੀ ਮੌਸਮ ਵਿਚ ਵੀ ਪਹਾੜੀ ਇਲਾਕਿਆਂ ਵਿਚ ਨਦੀ ਨਾਲਿਆਂ ਵਿਚ ਨਹੀਂ ਜਾਣਾ ਚਾਹੀਦਾ ਹੈ, ਅਕਸਰ ਦੇਖਿਆ ਜਾਂਦਾ ਹੈ ਕਿ ਪਾਣੀ ਅਚਾਨਕ ਵੱਧ ਜਾਣ ਕਾਰਣ ਹਰ ਸਾਲ ਕਈ ਮੌਤਾਂ ਹੋ ਜਾਂਦੀਆਂ ਹਨ।