ਖਬਰਿਸਤਾਨ ਨੈੱਟਵਰਕ– ਮੋਹਾਲੀ ਦੇ ਸੋਹਾਣਾ ਕਬੱਡੀ ਕੱਪ ‘ਤੇ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ, ਜਿਥੇ ਕਿ ਦੋ ਸ਼ੂਟਰਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿੱਚ ਆਦਿਤਿਆ ਕਪੂਰ ਅਤੇ ਕਰਨ ਪਾਠਕ ਸ਼ਾਮਲ ਹਨ, ਜਿਨ੍ਹਾਂ ਨੇ ਪੂਰੀ ਯੋਜਨਾਬੰਦੀ ਨਾਲ ਕਤਲ ਨੂੰ ਅੰਜਾਮ ਦਿੱਤਾ ਸੀ।
ਸੈਲਫੀ ਖਿੱਚਣ ਬਹਾਨੇ ਮਾਰੀਆਂ ਸਨ ਗੋਲੀਆਂ
ਕਿਹਾ ਜਾ ਰਿਹਾ ਹੈ ਕਿ ਉਕਤ ਮੁਲਜ਼ਮਾਂ ਨੇ ਪਹਿਲਾਂ ਰਾਣਾ ਨਾਲ ਸੈਲਫੀ ਖਿੱਚੀਆਂ ਤੇ ਫਿਰ ਸਿਰ ਉਤੇ ਕੱਪੜਾ ਪਾ ਕੇ ਗੋਲੀਆਂ ਮਾਰੀਆਂ, ਕਿਉਂਕਿ ਆਪਣੀ ਸੁਰੱਖਿਆ ਲਈ ਰਾਣਾ ਵੀ ਆਪਣੇ ਕੋਲ ਹਥਿਆਰ ਰੱਖਦਾ ਸੀ। ਇਹ ਵੀ ਗੱਸ ਸਾਹਮਣੇ ਆ ਰਹੀ ਹੈ ਕਿ ਇਸ ਵਾਰਦਾਤ ਵਿਚ ਸਿਰਫ਼ ਇਹ ਸ਼ੂਟਰ ਹੀ ਸ਼ਾਮਲ ਨਹੀਂ ਸਨ, ਸਗੋਂ ਟੂਰਨਾਮੈਂਟ ਤੋਂ ਰਾਣਾ ਦੀ ਲਗਾਤਾਰ ਰੇਕੀ ਕਰਨ ਵਾਲੇ ਹੋਰ ਮੁਲਜ਼ਮ ਵੀ ਸ਼ਾਮਲ ਸਨ।
ਉਥੇ ਹੀ ਤੀਜੇ ਸਾਥੀ ਅਤੇ ਲੌਜਿਸਟਿਕਲ ਸਹਾਇਤਾ ਪ੍ਰਦਾਨ ਕਰਨ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ, ਪੁਲਸ ਨੇ ਇਹ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਰਾਣਾ ਬਲਾਚੌਰੀਆ ‘ਤੇ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸਬੰਧ ਹੋਣ ਦਾ ਸ਼ੱਕ ਹੈ, ਜਿਸ ਕਾਰਨ ਉਸ ਨੂੰ ਬੰਬੀਹਾ ਗੈਂਗ ਨੇ ਨਿਸ਼ਾਨਾ ਬਣਾਇਆ ਸੀ। ਹਾਲਾਂਕਿ, ਪੁਲਿਸ ਵੱਲੋਂ ਜਾਂਚ ਅਜੇ ਵੀ ਜਾਰੀ ਹੈ, ਜਿਸ ਵਿੱਚ ਕਈ ਹੋਰ ਮਹੱਤਵਪੂਰਨ ਖੁਲਾਸੇ ਹੋ ਸਕਦੇ ਹਨ।
ਦੋ ਸ਼ੂਟਰਾਂ ਦੀ ਪਛਾਣ, ਤਸਵੀਰਾਂ ਵੀ ਆਈਆਂ ਸਾਹਮਣੇ
ਮੋਹਾਲੀ ਪੁਲਿਸ ਦੀ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਟੂਰਨਾਮੈਂਟ ਵਿੱਚ ਪੁਲਿਸ ਸੁਰੱਖਿਆ ਦੀ ਮੌਜੂਦਗੀ ਦੇ ਬਾਵਜੂਦ ਕਤਲ ਨੂੰ ਬਹੁਤ ਹੀ ਸਾਵਧਾਨੀ ਨਾਲ ਯੋਜਨਾਬੱਧ ਕੀਤਾ ਗਿਆ ਸੀ। ਪੁਲਿਸ ਨੇ ਹੁਣ ਦੋ ਸ਼ੂਟਰਾਂ ਦੇ ਨਾਵਾਂ ਦੀ ਪਛਾਣ ਕਰ ਲਈ ਹੈ। ਦੋਵੇਂ ਸ਼ੂਟਰ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਮੁਲਜ਼ਮਾਂ ਦੇ ਨਾਂ ਕਰਨ ਪਾਠਕ ਤੇ ਆਦਿੱਤਿਆ ਕਪੂਰ ਹੈ।
ਮੂਸੇਵਾਲਾ ਕਤਲ ਨਾਲ ਕੋਈ ਸਬੰਧ ਨਹੀਂ
ਮੋਹਾਲੀ ਦੇ ਐਸਐਸਪੀ ਨੇ ਕੱਲ੍ਹ ਕਿਹਾ ਸੀ ਕਿ ਆਦਿਤਿਆ ਕਪੂਰ ਅਤੇ ਕਰਨ ਪਾਠਕ ਡੌਨੀ ਬਾਲ ਗੈਂਗ ਨਾਲ ਜੁੜੇ ਹੋਏ ਹਨ। ਆਦਿਤਿਆ ਵਿਰੁੱਧ 15 ਮਾਮਲੇ ਦਰਜ ਹਨ ਅਤੇ ਕਰਨ ਵਿਰੁੱਧ ਦੋ। ਟੂਰਨਾਮੈਂਟ ਦੀ ਇਜਾਜ਼ਤ ਸੀ, ਅਤੇ ਪੁਲਿਸ ਤਾਇਨਾਤ ਕੀਤੀ ਗਈ ਸੀ। ਹਮਲੇ ਤੋਂ ਬਾਅਦ, ਨਿਸ਼ਾਨੇਬਾਜ਼ ਬਾਈਕ ‘ਤੇ ਭੱਜ ਗਏ। ਮੂਸੇਵਾਲਾ ਕਤਲ ਦਾ ਕੋਈ ਐਂਗਲ ਸ਼ਾਮਲ ਨਹੀਂ ਹੈ। ਰਾਣਾ ਬਲਾਚੌਰੀਆ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਜੁੜਿਆ ਹੋਇਆ ਹੈ। ਡੌਨੀ ਬਾਲ ਵੀ ਬੰਬੀਹਾ ਗੈਂਗ ਨਾਲ ਜੁੜਿਆ ਹੋਇਆ ਹੈ।



