ਖਬਰਿਸਤਾਨ ਨੈੱਟਵਰਕ- ਪੰਜਾਬ ਸਰਕਾਰ ਨੇ 23 ਸਤੰਬਰ ਨੂੰ ਸਕੂਲਾਂ ਅਤੇ ਕਾਲਜਾਂ ਲਈ ਛੁੱਟੀ ਦਾ ਐਲਾਨ ਕੀਤਾ ਹੈ। ਇਹ ਛੁੱਟੀ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੇ ਮੱਦੇਨਜ਼ਰ ਐਲਾਨੀ ਗਈ ਹੈ। ਧਿਆਨਦੇਣਯੋਗ ਹੈ ਕਿ ਇਹ ਛੁੱਟੀ ਸਿਰਫ਼ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਵਿੱਚ ਹੀ ਹੋਵੇਗੀ, ਜਦੋਂ ਕਿ ਹੋਰ ਜ਼ਿਲ੍ਹਿਆਂ ਵਿੱਚ ਸਕੂਲ ਅਤੇ ਕਾਲਜ ਆਮ ਵਾਂਗ ਖੁੱਲ੍ਹੇ ਰਹਿਣਗੇ।
ਪੰਜਾਬੀ ਭਾਸ਼ਾ ਦੇ ਪਹਿਲੇ ਕਵੀ ਤੇ ਸੁਫ਼ੀ ਸੰਤ
ਸੁਫ਼ੀ ਸੰਤ ਬਾਬਾ ਸ਼ੇਖ ਫਰੀਦ ਜੀ ਦਾ 1173 ਈਸਵੀ ਵਿੱਚ ਪਾਕਿਸਤਾਨ ਦੇ ਪੰਜਾਬ ਖੇਤਰ ਦੇ ਕਾਠੇਵਾਲ ਪਿੰਡ ਵਿੱਚ ਜਨਮ ਹੋਇਆ। ਬਾਬਾ ਫਰੀਦ ਜੀ ਨੇ ਆਪਣੇ ਨਾਮ ਨਾਲ ਪੰਜਾਬੀ ਸਾਹਿਤ ਨੂੰ ਪਹਿਲੀ ਵਾਰ ਲੋਕਾਂ ਦੀ ਬੋਲੀ ਵਿੱਚ ਰੂਪ ਦਿੱਤਾ।
ਉਹਨਾਂ ਦੀ ਮਾਤਾ ਬੀਬੀ ਮਿਰੀਅਮ ਨੇ ਬਚਪਨ ਤੋਂ ਹੀ ਉਨ੍ਹਾਂ ਨੂੰ ਨਾਮਾਜ਼ ਅਤੇ ਭਗਤੀ ਵੱਲ ਪ੍ਰੇਰਿਆ। ਕਿਹਾ ਜਾਂਦਾ ਹੈ ਕਿ ਬਚਪਨ ਵਿੱਚ ਹਰ ਵਾਰ ਨਾਮਾਜ਼ ਪੜ੍ਹਣ ਤੋਂ ਬਾਅਦ ਉਨ੍ਹਾਂ ਨੂੰ ਗੁੜ (ਸ਼ੱਕਰ) ਮਿਲਦੀ ਸੀ। ਇਸ ਕਾਰਨ ਹੀ ਉਹ “ਗੰਜ-ਏ-ਸ਼ੱਕਰ” ਦੇ ਨਾਂ ਨਾਲ ਮਸ਼ਹੂਰ ਹੋਏ।
ਬਾਬਾ ਫਰੀਦ ਜੀ ਚਿਸ਼ਤੀ ਸੁਫ਼ੀ ਪਰੰਪਰਾ ਨਾਲ ਜੁੜੇ ਅਤੇ ਆਪਣੇ ਮੁਰਸ਼ਿਦ ਖਵਾਜਾ ਕੁਤਬ ਉਦ-ਦਿਨ ਬਖ਼ਤਿਆਰ ਕਾਕੀ ਤੋਂ ਰੂਹਾਨੀ ਸਿੱਖਿਆ ਪ੍ਰਾਪਤ ਕੀਤੀ। ਉਹਨਾਂ ਨੇ ਲੋਕਾਂ ਨੂੰ ਪ੍ਰੇਮ, ਸਾਦਗੀ ਅਤੇ ਨਿਮਰਤਾ ਦਾ ਪਾਠ ਪੜ੍ਹਾਇਆ।
ਉਨ੍ਹਾਂ ਦੀਆਂ ਬਾਣੀਆਂ ਇਤਿਹਾਸਕ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਦਰਜ ਹਨ, ਜਿੱਥੇ ਉਹਨਾਂ ਦੇ ਸ਼ਬਦ ਅੱਜ ਵੀ ਮਨੁੱਖ ਨੂੰ ਭਗਤੀ, ਸੱਚਾਈ ਅਤੇ ਨਿਮਰਤਾ ਵੱਲ ਪ੍ਰੇਰਦੇ ਹਨ।
1266 ਈਸਵੀ ਵਿੱਚ ਬਾਬਾ ਫਰੀਦ ਜੀ ਜੋਤੀ ਜੋਤ ਸਮਾਏ। ਉਨ੍ਹਾਂ ਦੀ ਦਰਗਾਹ ਪਾਕ ਪੱਤਨ (ਪੁਰਾਣਾ ਅਜੋਧਨ) ਵਿੱਚ ਸਥਿਤ ਹੈ, ਜਿੱਥੇ ਹਰ ਸਾਲ ਲੱਖਾਂ ਸ਼ਰਧਾਲੂ ਉਹਨਾਂ ਦੇ ਉਰਸ ਸਮਾਗਮ ‘ਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਯਾਦ ਕਰਦੇ ਹਨ।
ਬਾਬਾ ਫਰੀਦ ਜੀ ਸਿਰਫ਼ ਇਕ ਸੁਫ਼ੀ ਸੰਤ ਹੀ ਨਹੀਂ ਸਗੋਂ ਪੰਜਾਬੀ ਭਾਸ਼ਾ ਦੇ ਪਹਿਲੇ ਕਵੀ ਵਜੋਂ ਵੀ ਜਾਣੇ ਜਾਂਦੇ ਹਨ। ਉਹਨਾਂ ਦੀ ਬਾਣੀ ਨੇ ਨਾ ਸਿਰਫ਼ ਆਧਿਆਤਮਿਕਤਾ ਦਾ ਸੁਨੇਹਾ ਦਿੱਤਾ, ਸਗੋਂ ਪੰਜਾਬੀ ਸਾਹਿਤ ਨੂੰ ਵੀ ਮਜ਼ਬੂਤ ਨੀਂਹ ਪ੍ਰਦਾਨ ਕੀਤੀ।