ਖ਼ਬਰਿਸਤਾਨ ਨੈੱਟਵਰਕ: ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕਿੱਲਤ ਨੂੰ ਲੈ ਕੇ ਫੈਲ ਰਹੀਆਂ ਅਫ਼ਵਾਹਾਂ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਥਿਤੀ ਸਪੱਸ਼ਟ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਤੇਲ ਅਤੇ ਗੈਸ ਦਾ ਲੋੜੀਂਦਾ ਸਟਾਕ ਮੌਜੂਦ ਹੈ, ਇਸ ਲਈ ਜਨਤਾ ਨੂੰ ਘਬਰਾਉਣ ਜਾਂ ਕਿਸੇ ਵੀ ਚੀਜ਼ ਨੂੰ ਸਟੋਰ ਕਰਨ ਦੀ ਲੋੜ ਨਹੀਂ ਹੈ।
ਮੁੱਖ ਮੰਤਰੀ ਨੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਪੰਜਾਬ ਕੋਲ ਇਸ ਵੇਲੇ ਪੈਟਰੋਲ ਦਾ 12 ਦਿਨਾਂ ਦਾ ਸਟਾਕ , ਡੀਜ਼ਲ ਦਾ 14 ਦਿਨਾਂ ਦਾ ਸਟਾਕ ਅਤੇ LPG ਗੈਸ ਦਾ ਕਰੀਬ 6 ਦਿਨਾਂ ਦਾ ਸਟਾਕ ਉਪਲਬਧ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਪਹਿਲਾਂ ਵੀ ਰਹੀ ਹੈ ਅਤੇ ਇਹ ਆਮ ਗੱਲ ਹੈ। ਕੁਝ ਪੰਪਾਂ ‘ਤੇ ਭੀੜ ਸਿਰਫ਼ ਅਫ਼ਵਾਹਾਂ ਕਾਰਨ ਅਚਾਨਕ ਮੰਗ ਵਧਣ ਕਰਕੇ ਹੋਈ ਹੈ।
ਲੌਕਡਾਊਨ ਦੀਆਂ ਖ਼ਬਰਾਂ ਗ਼ਲਤ
ਸੀਐਮ ਮਾਨ ਨੇ ਸਾਫ਼ ਕੀਤਾ ਕਿ ਸੂਬੇ ਵਿੱਚ ਲੌਕਡਾਊਨ ਲੱਗਣ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਰੀਬ 60 ਦਿਨਾਂ ਦਾ ਤੇਲ ਸਟਾਕ ਮੌਜੂਦ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤੇਲ ਜਾਂ ਹੋਰ ਜ਼ਰੂਰੀ ਸਾਮਾਨ ਜਮ੍ਹਾਂ ਨਾ ਕਰਨ।
ਕਿਸਾਨਾਂ ਅਤੇ ਉਦਯੋਗਾਂ ਲਈ ਰਾਹਤ
ਆਉਣ ਵਾਲੀ ਕਣਕ ਦੀ ਵਾਢੀ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਟਰੈਕਟਰਾਂ, ਕੰਬਾਈਨਾਂ ਅਤੇ ਟਰੱਕਾਂ ਲਈ ਡੀਜ਼ਲ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਤਾਂ ਜੋ ਮੰਡੀਆਂ ਦਾ ਕੰਮ ਪ੍ਰਭਾਵਿਤ ਨਾ ਹੋਵੇ। ਫੈਕਟਰੀਆਂ ਨੂੰ ਚੱਲਦਾ ਰੱਖਣ ਲਈ ਉਦਯੋਗਾਂ ‘ਤੇ ਲੱਗੀਆਂ ਕੁਝ ਸ਼ਰਤਾਂ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਰੁਜ਼ਗਾਰ ‘ਤੇ ਅਸਰ ਨਾ ਪਵੇ।
ਪ੍ਰਸ਼ਾਸਨ ਨੂੰ ਸਖ਼ਤ ਨਿਰਦੇਸ਼
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜਿਨ੍ਹਾਂ ਪੰਪਾਂ ‘ਤੇ ਜ਼ਿਆਦਾ ਭੀੜ ਹੈ, ਉੱਥੇ ਤੁਰੰਤ ਜਾਂਚ ਕੀਤੀ ਜਾਵੇ। ਪੰਜਾਬ ਸਰਕਾਰ ਲਗਾਤਾਰ ਕੇਂਦਰ ਸਰਕਾਰ ਦੇ ਮੰਤਰਾਲਿਆਂ ਅਤੇ ਡਿਪਟੀ ਕਮਿਸ਼ਨਰਾਂ (DC) ਦੇ ਸੰਪਰਕ ਵਿੱਚ ਹੈ ਤਾਂ ਜੋ ਸਪਲਾਈ ਚੇਨ ਬਣੀ ਰਹੇ।