ਖਬਰਿਸਤਾਨ ਨੈੱਟਵਰਕ- ਵਿਧਾਨ ਸਭਾ ਦਾ ਦੂਜੇ ਦਿਨ ਦਾ ਸੈਸ਼ਨ ਅੱਜ ਹੰਗਾਮੇ ਨਾਲ ਸ਼ੁਰੂ ਹੋਇਆ। ਇਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਿਰੋਧੀ ਧਿਰ ਦੇ ਪ੍ਰਤਾਪ ਸਿੰਘ ਬਾਜਵਾ ਉਤੇ ਰੱਜ ਕੇ ਵਰ੍ਹੇ। ਗੈਂਗਸਟਰਵਾਦ ਉਤੇ ਬੋਲਦਿਆਂ ਚੀਮਾ ਨੇ ਪ੍ਰਤਾਪ ਸਿੰਘ ਬਾਜਵਾ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਤੁਸੀਂ ਹੀ ਅੰਸਾਰੀ ਨੂੰ ਪੰਜਾਬ ਲੈ ਕੇ ਆਏ। ਤੁਸੀਂ ਪੰਜਾਬ ਵਿਚ ਗੈਂਗਸਟਰਵਾਦ ਪੈਦਾ ਕੀਤਾ ਹੈ।
ਅਸੀਂ ਗੈਂਗਸਟਰਵਾਦ ਨੂੰ ਕਰਾਂਗੇ ਖਤਮ- ਚੀਮਾ
ਚੀਮਾ ਨੇ ਕਿਹਾ ਕਿ ਅਸੀਂ ਗੈਂਗਸਟਰਵਾਦ ਨੂੰ ਖਤਮ ਕਰਾਂਗੇ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਤਿੰਨ ਕਰੋੜ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਕਾਂਗਰਸ ਪਾਰਟੀ ਦਾ ਕਿਰਦਾਰ ਕੀ ਹੈ। ਤੁਸੀਂ ਕਿਹਾ ਸੀ ਕਿ ਤੁਸੀਂ ਮਜੀਠੀਆ ਨੂੰ ਰੱਸੀ ਪਾ ਕੇ ਲਿਆਓਗੇ ਪਰ ਜਦੋਂ ਅਸੀਂ ਉਸ ਨੂੰ ਲਿਆਏ ਤਾਂ ਤੁਸੀਂ ਇਸ ’ਤੇ ਸਵਾਲ ਖੜ੍ਹੇ ਕੀਤੇ । ਚੀਮਾ ਨੇ ਕਿਹਾ ਕਿ ਤੁਸੀਂ ਭਾਜਪਾ ਦੀ ਮਦਦ ਨਾਲ ਸਾਡੇ ’ਤੇ ਕੇਸ ਦਰਜ ਕਰਵਾਇਆ ਹੈ। ਸਾਨੂੰ ਪਤਾ ਲੱਗ ਗਿਆ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੇ ਭਾਜਪਾ ਨਾਲ ਕਿੰਨੇ ਡੂੰਘੇ ਸੰਬੰਧ ਹਨ।
ਕਾਂਗਰਸ ਦਾ ਵਾਕ-ਆਊਟ
ਸ਼ੈਸ਼ਨ ‘ਚ ਹੰਗਾਮੇ ਤੋਂ ਬਾਅਦ ਕਾਂਗਰਸੀਆਂ ਵਲੋਂ ਸੈਸ਼ਨ ਵਿਚ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਗਿਆ ਤੇ ਉਨ੍ਹਾਂ ਵਲੋਂ ਵਿਧਾਨ ਸਭਾ ਦੀ ਚੱਲਦੀ ਕਾਰਵਾਈ ’ਚੋਂ ਵਾਕ-ਆਊਟ ਕਰ ਦਿੱਤਾ ਗਿਆ। ਸਦਨ ਤੋਂ ਬਾਹਰ ਆ ਕੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਸਾਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ।
ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਸੀ
ਦੱਸ ਦੇਈਏ ਕਿ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਸਦਨ ਦੀ ਕਾਰਵਾਈ ਅਗਲੇ ਦਿਨ 10 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ।
ਸੈਸ਼ਨ ਦੀ ਮਿਆਦ 2 ਦਿਨ ਵਧਾਈ
ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਸੈਸ਼ਨ ਦੀ ਮਿਆਦ 2 ਦਿਨ ਵਧਾ ਦਿੱਤੀ ਗਈ ਹੈ। ਹੁਣ 14 ਤੇ 15 ਜੁਲਾਈ ਨੂੰ ਵੀ ਸੈਸ਼ਨ ਦੀ ਕਾਰਵਾਈ ਜਾਰੀ ਰਹੇਗੀ।