ਖ਼ਬਰਿਸਤਾਨ ਨੈੱਟਵਰਕ: ਪੰਜਾਬੀ ਕਾਮੇਡੀ ਦੇ ਬਾਦਸ਼ਾਹ ਜਸਵਿੰਦਰ ਭੱਲਾ ਪੰਜ ਤੱਤਾਂ ‘ਚ ਵਲੀਨ ਹੋ ਗਏ ਹਨ। ਅੱਜ ਮੋਹਾਲੀ ‘ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ।
ਗਿੱਪੀ ਗਰੇਵਾਲ, ਨੀਰੂ ਬਾਜਵਾ ਅਤੇ ਕਾਮੇਡੀਅਨ ਬੀ.ਐਨ. ਸ਼ਰਮਾ ਸਮੇਤ ਫਿਲਮ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਮੌਜੂਦ ਸਨ। ਇਸ ਦੇ ਨਾਲ ਹੀ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਭੱਲਾ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ। ਅੰਤਿਮ ਸੰਸਕਾਰ ਦੌਰਾਨ ਮਾਹੌਲ ਭਾਵੁਕ ਹੋ ਗਿਆ ਜਦੋਂ ਪੁੱਤਰ ਨੇ ਚਿਤਾ ਨੂੰ ਅਗਨੀ ਦਿੱਤੀ। ਇਸ ਦੌਰਾਨ ਪਰਿਵਾਰ ਅਤੇ ਅਜ਼ੀਜ਼ਾਂ ਦੀਆਂ ਅੱਖਾਂ ਨਮ ਹੋ ਗਈਆਂ। ਭੀੜ ਨੂੰ ਸੰਭਾਲਣ ਲਈ ਸ਼ਮਸ਼ਾਨਘਾਟ ਵਿੱਚ ਸਖ਼ਤ ਪੁਲਿਸ ਪ੍ਰਬੰਧ ਕੀਤੇ ਗਏ ਸਨ।
ਕਈ ਦਿਨਾਂ ਤੋਂ ਹਸਪਤਾਲ ਵਿਚ ਸਨ ਦਾਖਲ
ਜਸਵਿੰਦਰ ਭੱਲਾ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਤੇ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਨੂੰ ਬੁੱਧਵਾਰ ਸ਼ਾਮ ਨੂੰ ਬ੍ਰੇਨ ਸਟ੍ਰੋਕ ਆਇਆ ਸੀ, ਸ਼ੁੱਕਰਵਾਰ ਤੜਕੇ 4 ਵਜੇ ਉਨ੍ਹਾਂ ਦੁਨੀਆ ਨੂੰ ਅਲਵਿਦਾ ਆਖ ਦਿੱਤਾ। 65 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਏ। ਉਨ੍ਹਾਂ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਦੋਰਾਹਾ ਕਸਬੇ ਵਿੱਚ ਹੋਇਆ ਸੀ।
ਵੱਡੀਆਂ ਹਸਤੀਆਂ ਨੇ ਜਤਾਇਆ ਦੁੱਖ
ਜਸਵਿੰਦਰ ਭੱਲਾ ਦੇ ਦਿਹਾਂਤ ਤੋਂ ਬਾਅਦ ਸੋਸ਼ਲ ਮੀਡੀਆ ਉਤੇ ਸਾਰੇ ਪਾਸੇ ਸ਼ੋਕ ਸੰਦੇਸ਼ ਦੇਖੇ ਗਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਕਈ ਵੱਡੀਆਂ ਹਸਤੀਆਂ ਨੇ ਉਨ੍ਹਾਂ ਦੇ ਦਿਹਾਂਤ ਉਤੇ ਦੁੱਖ ਜਤਾਇਆ। ਸ਼ਾਮ ਸਮੇਂ ਖੁਦ ਉਹ ਭੱਲਾ ਦੇ ਘਰ ਉਨ੍ਹਾਂ ਦੇ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਨ ਵੀ ਪੁੱਜੇ।
ਪੰਜਾਬੀ ਫਿਲਮ ਜਗਤ ਨੂੰ ਵੱਡਾ ਘਾਟਾ
ਕਾਮੇਡੀਅਨ ਭੱਲਾ ਦੇ ਦਿਹਾਂਤ ਨਾਲ ਪੰਜਾਬੀ ਫਿਲਮ ਜਗਤ ਨੂੰ ਵੱਡਾ ਘਾਟਾ ਪਿਆ ਹੈ। ਕਿਉਂਕਿ ਉਨ੍ਹਾਂ ਨੇ ਕਾਮੇਡੀ ਫਾਰਮੈਟ ਵਿਚ ਨਵੀਆਂ ਪੈੜਾਂ ਪਾਈਆਂ। ਛਣਕਾਟਾ ਤੇ ਚਾਚਾ ਚਤਰੇ ਵਰਗੀਆਂ ਉਨ੍ਹਾਂ ਦੀਆਂ ਕੈਸੇਟਾਂ ਕਾਫੀ ਮਸ਼ਹੂਰ ਹੋਈਆਂ ਸਨ। ਪੰਜਾਬੀ ਫਿਲਮਾਂ ਵਿਚ ਉਨ੍ਹਾਂ ਵਲੋਂ ਨਿਭਾਏ ਰੋਲ ਲੋਕਾਂ ਵਲੋਂ ਖੂਬ ਪਸੰਦ ਕੀਤੇ ਜਾਂਦੇ ਰਹੇ ਤੇ ਉਨ੍ਹਾਂ ਦੇ ਡਾਇਲਾਗ ਵੀ ਲੋਕਾਂ ਵਿਚ ਕਾਫੀ ਮਸ਼ਹੂਰ ਹੋਏ।