ਖ਼ਬਰਿਸਤਾਨ ਨੈੱਟਵਰਕ: ਜਲੰਧਰ ‘ਚ CASO ਆਪ੍ਰੇਸ਼ਨ ਤਹਿਤ ਅੱਠ ਇਲਾਕਿਆਂ ‘ਚ ਛਾਪੇਮਰੀ ਕੀਤੀ ਗਈ| ਇਨ੍ਹਾਂ ਵਿੱਚ ਖਾਸ ਕਰਕੇ ਪਠਾਨਕੋਟ ਚੌਕ ਦੇ ਆਲੇ-ਦੁਆਲੇ ਦਾ ਇਲਾਕਾ ਅਤੇ ਜਲੰਧਰ ਦੇ ਵਿਚਕਾਰ ਅਲੀ ਮੁਹੱਲਾ ਇਲਾਕਾ ਅਤੇ ਬਸਤੀਆਂ ਵਾਲਾ ਇਲਾਕਾ ਸ਼ਾਮਲ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਨਿਰਦੇਸ਼ਾਂ ‘ਤੇ ਪੰਜਾਬ ਵਿੱਚੋਂ ਨਸ਼ੇ ਦੇ ਖਾਤਮੇ ਲਈ ਤਿੰਨ ਪੜਾਵਾਂ ਵਿੱਚ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਨਸ਼ਾ ਵੇਚਣ ਵਾਲਿਆਂ ਨੂੰ ਲੱਭਣ ਅਤੇ ਉਨ੍ਹਾਂ ਵਿਰੁੱਧ ਕੇਸ ਦਰਜ ਕਰਨ ਅਤੇ ਉਨ੍ਹਾਂ ਨੂੰ ਜੇਲ੍ਹ ਭੇਜਣ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਮਿਲ ਸਕੇ ਦੂਜਾ, ਨਸ਼ੇ ਦੇ ਆਦੀ ਹੋ ਚੁੱਕੇ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਨਸ਼ਾ ਛੁਡਾਊ ਕੇਂਦਰਾਂ ਵਿੱਚ ਭੇਜ ਕੇ ਨਸ਼ੇ ਤੋਂ ਛੁਟਕਾਰਾ ਪਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ… ਅਤੇ ਤੀਜਾ, ਆਮ ਲੋਕਾਂ ਨਾਲ ਤਾਲਮੇਲ ਬਣਾਇਆ ਜਾ ਰਿਹਾ ਹੈ ਤਾਂ ਜੋ ਪੰਜਾਬ ਦੇ ਆਮ ਲੋਕਾਂ ਨੂੰ ਨਸ਼ੇ ਦੀਆਂ ਬੁਰਾਈਆਂ ਤੋਂ ਜਾਣੂ ਕਰਵਾਇਆ ਜਾ ਸਕੇ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾ ਸਕੇ ਤਾਂ ਜੋ ਨਾ ਸਿਰਫ਼ ਨਸ਼ਾ ਸਗੋਂ ਨਸ਼ੇ ਦੇ ਵਪਾਰ ਨੂੰ ਵੀ ਖਤਮ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਜਾਬ ਦੇ ਆਮ ਲੋਕ ਨਸ਼ੇ ਦੀ ਪ੍ਰਤੀ ਜਾਗਰੂਕ ਨਹੀਂ ਹੁੰਦੇ, ਉਦੋਂ ਤੱਕ ਇਹ ਕੰਮ ਪੂਰਾ ਨਹੀਂ ਹੋ ਸਕਦਾ ਕਿਉਂਕਿ ਅੱਤਵਾਦ ਦੇ ਸਮੇਂ ਵੀ ਜਦੋਂ ਲੋਕਾਂ ਨੇ ਪੁਲਿਸ ਨੂੰ ਜਾਣਕਾਰੀ ਦੇਣੀ ਸ਼ੁਰੂ ਕੀਤੀ ਸੀ, ਤਾਂ ਪੰਜਾਬ ‘ਤੇ ਅੱਤਵਾਦ ਦਾ ਕਲੰਕ ਦੂਰ ਹੋ ਗਿਆ ਸੀ ਅਤੇ ਇਸੇ ਤਰ੍ਹਾਂ ਹੁਣ ਲੋਕ ਨਸ਼ੇ ਦੀ ਦੁਰਵਰਤੋਂ ਬਾਰੇ ਪੁਲਿਸ ਨੂੰ ਲਗਾਤਾਰ ਜਾਣਕਾਰੀ ਦੇ ਰਹੇ ਹਨ ਅਤੇ ਇਸ ‘ਤੇ ਕੰਮ ਕਰਦੇ ਹੋਏ, ਪੁਲਿਸ ਕਾਰਵਾਈ ਕਰਕੇ ਇਸਨੂੰ ਜੜ੍ਹ ਤੋਂ ਖਤਮ ਕਰਨ ਵਿੱਚ ਲੱਗੀ ਹੋਈ ਹੈ।
ਉਨ੍ਹਾਂ ਦੱਸਿਆ ਕਿ ਇਸ ਛਾਪੇਮਾਰੀ ਦੌਰਾਨ ਉਨ੍ਹਾਂ ਲੋਕਾਂ ਦੇ ਘਰਾਂ ਵਿੱਚ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜੋ ਜਾਂ ਤਾਂ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹਨ ਜਾਂ ਨਸ਼ੇ ਦੇ ਕਾਰੋਬਾਰ ਕਾਰਨ ਜੇਲ੍ਹ ਤੋਂ ਜ਼ਮਾਨਤ ‘ਤੇ ਬਾਹਰ ਆਏ ਹਨ।