ਖਬਰਿਸਤਾਨ ਨੈੱਟਵਰਕ- ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਰਾਜਾ ਵੜਿੰਗ ਤਰਨਤਾਰਨ ਉਪ ਚੋਣ ਦੌਰਾਨ ਬੂਟਾ ਸਿੰਘ ਬਾਰੇ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਮੁਸ਼ਕਲਾਂ ਵਿਚ ਘਿਰ ਗਏ ਹਨ। ਅਨੁਸੂਚਿਤ ਜਾਤੀ ਕਮਿਸ਼ਨ ਨੇ ਉਨ੍ਹਾਂ ਦੀਆਂ ਟਿੱਪਣੀਆਂ ਦਾ ਖੁਦ ਨੋਟਿਸ ਲਿਆ ਹੈ ਅਤੇ ਉਨ੍ਹਾਂ ਨੂੰ 6 ਨਵੰਬਰ ਨੂੰ ਤਲਬ ਕੀਤਾ ਹੈ। ਵਿਰੋਧੀ ਪਾਰਟੀਆਂ ਨੇ ਵੀ ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੱਤੀ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਦਾ ਨੋਟਿਸ ਲਿਆ
ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਸੋਸ਼ਲ ਮੀਡੀਆ ਰਾਹੀਂ ਆਇਆ ਹੈ, ਜਿਸ ਵਿੱਚ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਵੜਿੰਗ ਦਲਿਤ ਨੇਤਾ ਬੂਟਾ ਸਿੰਘ ਬਾਰੇ ਨਸਲੀ ਅਤੇ ਜਾਤੀ ਅਧਾਰਤ ਟਿੱਪਣੀਆਂ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕਮਿਸ਼ਨ ਨੇ ਮਾਮਲੇ ਦਾ ਖੁਦ ਨੋਟਿਸ ਲਿਆ ਹੈ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ 6 ਨਵੰਬਰ ਨੂੰ ਜਵਾਬ ਤਲਬ ਕੀਤਾ ਹੈ ਅਤੇ ਤਰਨਤਾਰਨ ਦੇ ਰਿਟਰਨਿੰਗ ਅਫਸਰ ਤੋਂ 4 ਨਵੰਬਰ ਨੂੰ ਰਿਪੋਰਟ ਵੀ ਮੰਗੀ ਗਈ ਹੈ।
ਇਹ ਸੀ ਵਿਵਾਦਤ ਬਿਆਨ
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਕਾਂਗਰਸ ਨੇ ਦੇਸ਼ ਦਾ ਗ੍ਰਹਿ ਮੰਤਰੀ ਅਜਿਹੇ ਵਿਅਕਤੀ ਨੂੰ ਬਣਾਇਆ ਜੋ ਕਾਲੇ ਰੰਗ ਦਾ ਸੀ ਤੇ ਪੱਠੇ ਕੁਤਰਦਾ ਹੁੰਦਾ ਸੀ।ਇਸ ਟਿੱਪਣੀ ‘ਤੇ ਵਿਵਾਦ ਇਸ ਹੱਦ ਤੱਕ ਵਧ ਗਿਆ ਕਿ ਪੰਜਾਬ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੇ ਇਸਦਾ ਨੋਟਿਸ ਲਿਆ ਅਤੇ ਰਾਜਾ ਵੜਿੰਗ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ।
ਇਸ ਤਰ੍ਹਾਂ ਵੜਿੰਗ ਵਲੋਂ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਮਰਹੂਮ ਬੂਟਾ ਸਿੰਘ ਬਾਰੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ‘ਤੇ ਸਖ਼ਤ ਇਤਰਾਜ਼ ਜਤਾਇਆ ਜਾ ਰਿਹਾ ਹੈ।