ਖਬਰਿਸਤਾਨ ਨੈੱਟਵਰਕ- ਸੰਗਰੂਰ ਦੇ ਡੀ ਸੀ ਵਲੋਂ ਪ੍ਰਧਾਨ ਮੰਤਰੀ ਨੂੰ ਲੈ ਕੇ ਪਾਈ ਗਈ ਪੋਸਟ ਖੂਬ ਵਾਇਰਲ ਹੋ ਰਹੀ ਹੈ, ਜਿਸ ਵਿਚ ਪੰਜਾਬ ‘ਚ ਆਏ ਹੜ੍ਹ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੀ ਗਈ ਰਾਹਤ ਰਾਸ਼ੀ ਨੂੰ ਲੈ ਕੇ ਵਿਰਵਾਰ ਰਾਤ ਪੋਸਟ ਪਾਉਣ ਕਾਰਣ ਇਕ ਵੱਡਾ ਵਿਵਾਦ ਖੜ੍ਹਾ ਹੋ ਗਿਆ।
ਜਾਣਕਾਰੀ ਅਨੁਸਾਰ ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਦੇ ਅਧਿਕਾਰਿਕ ਟਵਿੱਟਰ ਹੈਂਡਲ ਤੋਂ ਪ੍ਰਧਾਨ ਮੰਤਰੀ ਖਿਲਾਫ਼ ਇਕ ਵਿਵਾਦਤ ਪੋਸਟ ਕੀਤੀ ਗਈ, ਜਿਸ ਨਾਲ ਸੋਸ਼ਲ ਮੀਡੀਆ ‘ਤੇ ਹਲਚਲ ਮਚ ਗਈ।
ਪੋਸਟ ਵਿੱਚ ਕੀ ਲਿਖਿਆ ਗਿਆ
“ਹਰਿਤ ਕ੍ਰਾਂਤੀ ਦੇ ਤਹਿਤ ਦੇਸ਼ ਦੇ ਅਨਾਜ ਭੰਡਾਰ ਭਰਨ ਅਤੇ ਸਰਹੱਦ ‘ਤੇ ਸਭ ਤੋਂ ਵੱਧ ਸ਼ਹਾਦਤਾਂ ਦੇਣ ਵਾਲਾ ਪੰਜਾਬ ਜਦੋਂ ਹੜ੍ਹ ਦੀ ਮਾਰ ਝੱਲ ਰਿਹਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੇਵਲ 1600 ਕਰੋੜ ਰੁਪਏ ਦੀ ਰਾਹਤ ਰਾਸ਼ੀ ਦਾ ਐਲਾਨ ਕਰਨਾ ਪੰਜਾਬ ਨਾਲ ਵੱਡਾ ਮਜ਼ਾਕ ਹੈ।” ਇਹ ਪੋਸਟ ਰਾਤੋ-ਰਾਤ ਵਾਇਰਲ ਹੋ ਗਈ ਤੇ ਲੋਕ ਹੈਰਾਨ ਰਹਿ ਗਏ ਕਿ ਆਖ਼ਿਰ ਇਕ ਪ੍ਰਸ਼ਾਸਨਿਕ ਅਧਿਕਾਰੀ ਇਸ ਤਰ੍ਹਾਂ ਦੀ ਰਾਜਨੀਤਿਕ ਟਿੱਪਣੀ ਕਿਵੇਂ ਕਰ ਸਕਦਾ ਹੈ।
Public Notice
A political post was inadvertently issued from official handle of DC Sangrur.
The post was unauthorized & immediately deleted.
This office reaffirms full neutrality and impartial service. Action is being taken against concerned official.
The lapse is regretted.
— DC Sangrur (@dc_sangrur) September 12, 2025
ਡਿਪਟੀ ਕਮਿਸ਼ਨਰ ਨੇ ਦਿੱਤੀ ਸਫਾਈ
ਇਸ ਸਬੰਧੀ ਜਦੋਂ ਡੀ.ਸੀ. ਸੰਗਰੂਰ ਰਾਹੁਲ ਚਾਬਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਸਾਫ਼ ਕੀਤਾ ਕਿ ਇਹ ਪੋਸਟ ਉਨ੍ਹਾਂ ਵਲੋਂ ਨਹੀਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰਾਂ ਦੇ ਸੋਸ਼ਲ ਮੀਡੀਆ ਅਕਾਊਂਟਜ਼ ਜ਼ਿਲ੍ਹਾ ਜਨ ਸੰਪਰਕ ਅਧਿਕਾਰੀ (ਡੀ.ਪੀ.ਆਰ.ਓ.) ਦੇ ਨਿਗਰਾਨੀ ਹੇਠ ਹੁੰਦੇ ਹਨ।
ਡੀ.ਸੀ. ਨੇ ਕਿਹਾ ਕਿ ਇਹ ਬਿਆਨ ਹਕੀਕਤ ਵਿੱਚ ਇੱਕ ਕੈਬਨਿਟ ਮੰਤਰੀ ਦਾ ਸੀ, ਜਿਸ ਨੂੰ ਡੀ.ਪੀ.ਆਰ.ਓ. ਨੇ ਗਲਤੀ ਨਾਲ ਉਨ੍ਹਾਂ ਦੇ ਅਧਿਕਾਰਿਕ ਹੈਂਡਲ ਤੋਂ ਵੀ ਪੋਸਟ ਕਰ ਦਿੱਤਾ।
ਰਾਹੁਲ ਚਾਬਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਗਲਤੀ ਬਾਰੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਨੂੰ ਪੱਤਰ ਲਿਖ ਕੇ ਜ਼ਿੰਮੇਵਾਰ ਅਧਿਕਾਰੀ ਖਿਲਾਫ਼ ਕਾਰਵਾਈ ਦੀ ਸਿਫ਼ਾਰਸ਼ ਕੀਤੀ ਹੈ।ਉਨ੍ਹਾਂ ਆਪਣੇ ਅਧਿਕਾਰਿਕ ਟਵਿੱਟਰ ਹੈਂਡਲ ਤੋਂ ਜਨਤਕ ਤੌਰ ‘ਤੇ ਮਾਫੀ ਵੀ ਮੰਗੀ ਅਤੇ ਲਿਖਿਆ ਕਿ “ਡਿਪਟੀ ਕਮਿਸ਼ਨਰ ਸੰਗਰੂਰ ਦੇ ਅਧਿਕਾਰਿਕ ਹੈਂਡਲ ਤੋਂ ਗਲਤੀ ਨਾਲ ਇੱਕ ਰਾਜਨੀਤਿਕ ਪੋਸਟ ਜਾਰੀ ਹੋ ਗਈ ਸੀ, ਜਿਸਨੂੰ ਤਤਕਾਲ ਪ੍ਰਭਾਵ ਨਾਲ ਹਟਾ ਦਿੱਤਾ ਗਿਆ ਹੈ।”ਉਨ੍ਹਾਂ ਕਿਹਾ ਕਿ ਇਸ ਗਲਤੀ ਲਈ ਜ਼ਿੰਮੇਵਾਰ ਅਧਿਕਾਰੀ ਖ਼ਿਲਾਫ਼ ਵਿਭਾਗੀ ਜਾਂਚ ਅਤੇ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਭਵਿੱਖ ਵਿੱਚ ਅਜਿਹੀ ਗਲਤੀ ਨ ਹੋਵੇ।