ਅਕਸਰ ਚਾਈਨਾ ਡੋਰ ਨਾਲ ਕਈ ਹਾਦਸੇ ਵਾਪਰਦੇ ਰਹਿੰਦੇ ਹਨ ਹਾਲਾਂਕਿ ਕਈ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ | ਪਰ ਹੁਣ ਇੱਕ ਅਜਿਹਾ ਵੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੰਡੀਅਨ ਡੋਰ ਦੀ ਲਪੇਟ ‘ਚ ਆਉਣ ਕਾਰਨ 7 ਸਾਲ ਦੀ ਬੱਚੀ ਦੀ ਮੌਤ ਹੋ ਗਈ | ਇਹ ਮਾਮਲਾ ਗੁਰਾਇਆ ਦੇ ਦੋਸਾਂਝ ਕਲਾਂ ਦੇ ਨਾਲ ਲੱਗਦੇ ਪਿੰਡ ਕੋਟਲੀ ਖੱਖਿਆ ਦਾ ਹੈ | ਜਿੱਥੇ 7 ਸਾਲਾ ਹਰਲੀਨ ਆਪਣੇ ਦਾਦਾ ਨਾਲ ਮੋਟਰਸਾਈਕਲ ਦੇ ਅੱਗੇ ਬੈਠ ਕੇ ਉਨ੍ਹਾਂ ਦੀ ਦੁਕਾਨ ‘ਤੇ ਜਾ ਰਹੀ ਸੀ| ਇਸ ਦੌਰਾਨ ਬੱਚੀ ਦੇ ਗਲੇ ਵਿਚ ਡੋਰ ਫਿਰ ਗਈ | ਜਿਸ ਕਾਰਨ ਉਸਦੀ ਮੌਤ ਹੋ ਗਈ।
ਬਾਈਕ ‘ਤੇ ਜਾਂਦੇ ਸਮੇਂ ਵਾਪਰਿਆ ਹਾਦਸਾ
ਮ੍ਰਿਤਕਾ ਦੇ ਦਾਦਾ ਸਤਨਾਮ ਸਿੰਘ ਨੇ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੀ ਨੂੰਹ ਜਸਵਿੰਦਰ ਰਾਣੀ ਦਾ ਪਿੱਤੇ ਦੀ ਥੈਲੀ ਦਾ ਆਪ੍ਰੇਸ਼ਨ ਹੋਇਆ ਸੀ ਅਤੇ ਉਹ ਹਸਪਤਾਲ ਵਿੱਚ ਸੀ। ਸ਼ਾਮ ਨੂੰ, ਉਹ ਆਪਣੇ ਪੁੱਤਰ ਦਵਿੰਦਰ ਦੀ ਧੀ ਹਰਲੀਨ ਅਤੇ ਇੱਕ ਹੋਰ ਪੋਤੀ ਨਾਲ ਦੋਸਾਂਜਾ ਕਲਾਂ ਸਥਿਤ ਦੁਕਾਨ ‘ਤੇ ਜਾ ਰਿਹਾ ਸੀ। ਹਰਲੀਨ ਬਾਈਕ ਦੇ ਅੱਗੇ ਬੈਠੀ ਸੀ ਅਤੇ ਵੱਡੀ ਪੋਤੀ ਪਿੱਛੇ ਬੈਠੀ ਸੀ। ਉਹ ਪਿੰਡ ਤੋਂ ਅੱਧਾ ਕਿਲੋਮੀਟਰ ਦੂਰ ਹੀ ਪਹੁੰਚੇ ਸਨ ਕਿ ਬਾਈਕ ਦੇ ਅੱਗੇ ਬੈਠੀ ਪੋਤੀ ਡੋਰ ਦੀ ਲਪੇਟ ‘ਚ ਆ ਗਈ | ਬੱਚੀ ਦੀ ਗਰਦਨ ‘ਤੇ ਡੋਰ ਫਿਰ ਗਈ ਤੇ ਗਲੇ ਚੋ ਖੂਨ ਵਗਣ ਲੱਗਾ| ਉਹ ਉਸ ਨੂੰ ਹਸਪਤਾਲ ਲੈ ਕੇ ਗਏ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਦੂਜੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ | ਜਿੱਥੇ ਉਸ ਦੀ ਮੌਤ ਹੋ ਗਈ|
ਮਾਪਿਆਂ ਦੀ ਸੀ ਇਕਲੌਤੀ ਧੀ
ਦੁਸਾਂਝ ਕਲਾਂ ਦੇ ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਹ ਇੰਡੀਅਨ ਡੋਰ ਸੀ ਨਾ ਕਿ ਚਾਇਨਾ ਡੋਰ। ਡੋਰ ਪੱਕੀ ਹੋਣ ਕਾਰਨ ਬੱਚੀ ਦੀ ਗਰਦਨ ਬੁਰੀ ਤਰ੍ਹਾਂ ਕੱਟੀ ਗਈ ਤੇ ਉਸਦੀ ਮੌਤ ਹੋ ਗਈ |ਹਰਲੀਨ ਕੌਰ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ|