ਖਬਰਿਸਤਾਨ ਨੈੱਟਵਰਕ- ਪ੍ਰਸ਼ਾਸਨ ਦੀ ਸ਼ੰਭੂ ਅਤੇ ਖਨੌਰੀ ਬਾਰਡਰ ਉਤੇ ਕਾਰਵਾਈ ਤੋਂ ਬਾਅਦ ਸ਼ੰਭੂ ਬਾਰਡਰ ਤੋਂ ਬੈਰੀਕੇਡਸ ਹਟਾ ਕੇ ਇਕ ਸਾਈਡ ਆਵਾਜਾਈ ਖੋਲ੍ਹ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆਂ ਡੀ ਆਈ ਜੀ ਹਰਮਨਵੀਰ ਸਿੰਘ ਨੇ ਕਿਹਾ ਕਿ ਸ਼ੰਭੂ ਬੈਰੀਅਰ ਦਾ ਸਾਰਾ ਰਸਤਾ ਦੋ ਘੰਟੇ ਵਿਚ ਖੋਲ ਦਿੱਤਾ ਜਾਵੇਗਾ।
ਪੰਜਾਬ ਵਿਚ ਵੱਖ-ਵੱਖ ਥਾਈਂ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ
ਕਿਸਾਨਾਂ ਦੇ ਅੰਦੋਲਨ ਨੂੰ ਹਟਾਏ ਜਾਣ ਤੋਂ ਬਾਅਦ ਪੰਜਾਬ ਵਿਚ ਵੱਖ-ਵੱਖ ਥਾਵਾਂ ਉਤੇ ਕਿਸਾਨਾਂ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਸੜਕਾਂ ਉਤੇ ਉਤਰ ਆਈਆਂ ਹਨ। ਹੁਣ ਤੱਕ ਕਈ ਥਾਵਾਂ ‘ਤੇ ਪੁਲਸ ਅਤੇ ਕਿਸਾਨਾਂ ਵਿਚਾਲੇ ਝੜਪਾਂ ਵੀ ਦੇਖਣ ਨੂੰ ਮਿਲੀਆਂ ਹਨ। ਕਈ ਥਾਵਾਂ ਉਤੇ ਕਿਸਾਨ ਭੁੱਖ ਹੜਤਾਲ ਕਰ ਰਹੇ ਹਨ।
ਭਲਕੇ ਕੇਂਦਰ ਨਾਲ ਹੋਈ 7ਵੀਂ ਮੀਟਿੰਗ ਵੀ ਰਹੀ ਸੀ ਬੇਸਿੱਟਾ
ਬੀਤੀ ਦਿਨੀਂ ਚੰਡੀਗੜ੍ਹ ਵਿਚ ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗ ਹੋਈ, ਜੋ ਕਿ ਬੇਸਿੱਟਾ ਹੀ ਰਹੀ। ਇਸ ਤੋਂ ਬਾਅਦ ਪੁਲਸ ਨੇ ਕਿਸਾਨ ਆਗੂਆਂ ਨੂੰ ਡਿਟੇਨ ਕਰਨਾ ਸ਼ੁਰੂ ਕਰ ਦਿੱਤਾ। ਕਿਸਾਨ ਆਗੂ ਜਗਜੀਤ ਡੱਲੇਵਾਲ ਨੂੰ ਵੀ ਐਂਬੂਲੈਂਸ ਸਮੇਤ ਡਿਟੇਨ ਕੀਤਾ ਗਿਆ। ਸਰਵਣ ਸਿੰਘ ਪੰਧੇਰ ਸਮੇਤ ਕਰੀਬ 700 ਦੇ ਕਰੀਬ ਕਿਸਾਨਾਂ ਨੂੰ ਪੁਲਸ ਨੇ ਨਜ਼ਰਬੰਦ ਕੀਤਾ।
ਕਿਸਾਨ ਉਲੀਕ ਰਹੇ ਅਗਲੀ ਰਣਨੀਤੀ
ਖਨੌਰੀ ਅਤੇ ਸ਼ੰਭੂ ਸਰਹੱਦ ‘ਤੇ ਕਾਰਵਾਈ ਤੋਂ ਬਾਅਦ ਕਿਸਾਨਾਂ ਨੇ ਅਗਲੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿਤੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪਿੰਡ ਤਲਵੰਡੀ ਭੁਗੇਰੀਆਂ ਵਿਚ ਕਿਸਾਨਾਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿਤਾ ਹੈ। ਦੂਜੇ ਪਾਸੇ ਇੱਥੇ ਭਾਰੀ ਪੁਲਿਸ ਫ਼ੋਰਸ ਤਾਇਨਾਤ ਕੀਤੀ ਜਾ ਰਹੀ ਹੈ।
SSP ਨਾਨਕ ਸਿੰਘ ਸ਼ੰਭੂ ਬਾਰਡਰ ਪੁੱਜੇ
ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਸ਼ੰਭੂ ਬਾਰਡਰ ‘ਤੇ ਪਹੁੰਚ ਗਏ ਹਨ ਅਤੇ ਫਿਲਹਾਲ ਸ਼ੰਭੂ ਬਾਰਡਰ ‘ਤੇ ਮੌਜੂਦ ਹਨ। ਐਸਐਸਪੀ ਖ਼ੁਦ ਪੁਲਿਸ ਅਧਿਕਾਰੀਆਂ ਨਾਲ ਮਿਲ ਕੇ ਸੜਕਾਂ ਖੁਲਵਾ ਰਹੇ ਹਨ।
ਇਨ੍ਹਾਂ ਥਾਵਾਂ ‘ਤੇ ਪੁਲਸ ਤੇ ਕਿਸਾਨ ਹੋਏ ਆਹਮੋ-ਸਾਹਮਣੇ
ਕਿਸਾਨਾਂ ਨੇ ਮੋਗਾ ਵਿੱਚ ਡੀਸੀ ਦਫ਼ਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ ਤਾਂ ਕਿਸਾਨਾਂ ਨੇ ਬੈਰੀਕੇਡ ਤੋੜ ਦਿੱਤੇ। ਇਸ ਤੋਂ ਬਾਅਦ ਬਹੁਤ ਧੱਕਾ-ਮੁੱਕੀ ਹੋਈ।
ਮੁਕਤਸਰ ਦੇ ਗਿੱਦੜਬਾਹਾ ਵਿੱਚ ਕਿਸਾਨਾਂ ਨੇ ਬਠਿੰਡਾ-ਗੰਗਾਨਗਰ ਹਾਈਵੇਅ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਉਨ੍ਹਾਂ ‘ਤੇ ਲਾਠੀਚਾਰਜ ਕੀਤਾ ਅਤੇ ਉਨ੍ਹਾਂ ਨੂੰ ਹਟਾ ਕੇ ਹਿਰਾਸਤ ਵਿੱਚ ਲੈ ਲਿਆ।
ਬਠਿੰਡਾ ਦੇ ਰਾਮਪੁਰਾ ਫੂਲ ਵਿੱਚ ਕਿਸਾਨਾਂ ਨੇ ਹਾਈਵੇਅ ਨੂੰ ਜਾਮ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਨ੍ਹਾਂ ਨੂੰ ਹਾਈਵੇਅ ਤੋਂ ਸਖਤੀ ਨਾਲ ਪਿੱਛੇ ਕੀਤਾ।
ਭਵਾਨੀਗੜ੍ਹ ਦੀ ਚੰਡੀਗੜ੍ਹ-ਬਠਿੰਡਾ ਮੁੱਖ ਸੜਕ ਰੋਕ ਕੇ ਧਰਨਾ ਦੇ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂਆਂ ਨੂੰ ਪੁਲਿਸ ਹਿਰਾਸਤ ਵਿਚ ਲੈ ਕੇ ਬੱਸਾਂ ਵਿਚ ਬਿਠਾ ਕੇ ਲੈ ਗਈ। ਪੁਲਿਸ ਵਲੋਂ ਖਨੌਰੀ ਅਤੇ ਸ਼ੰਭੂ ਬਾਰਡਰ ’ਤੇ ਕਿਸਾਨਾਂ ’ਤੇ ਪੁਲਿਸ ਵਲੋਂ ਕੀਤੀ ਕਾਰਵਾਈ ਦੀ ਰੋਸ ਵਜੋਂ ਧਰਨਾ ਦਿੱਤਾ ਜਾ ਰਿਹਾ ਸੀ।
ਫ਼ਿਰੋਜ਼ਪੁਰ ਵਿਚ ਵੀ ਕਿਸਾਨੀ ਧਰਨਿਆਂ ਨੂੰ ਚੁੱਕਣ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਡੀ. ਸੀ. ਦਫ਼ਤਰ ਬਾਹਰ ਧਰਨਾ ਦਿੱਤਾ ਗਿਆ।