ਖਬਰਿਸਤਾਨ ਨੈੱਟਵਰਕ- ਕਪੂਰਥਲਾ ਵਿਚ ਦੇਰ ਰਾਤ ਢਾਬੇ ਉਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਕਿ ਸੁਲਤਾਨਪੁਰ ਲੋਧੀ ਰੋਡ ’ਤੇ ਪਿੰਡ ਖੇੜਾ ਦੋਨਾਂ ਦਾਣਾ ਮੰਡੀ ਨਜ਼ਦੀਕ ਸਥਿਤ ਇੱਕ ਢਾਬੇ ’ਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਗੋਲੀਆਂ ਚੱਲਣ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ।ਇਸ ਦੌਰਾਨ ਹਮਲੇ ਵਿੱਚ ਤਿੰਨ ਨੌਜਵਾਨ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਜ਼ਖਮੀਆਂ ਦੀ ਪਛਾਣ
ਹਮਲੇ ਵਿਚ ਜ਼ਖ਼ਮੀਆਂ ਹੋਏ ਵਿਅਕਤੀਆਂ ਦੀ ਪਛਾਣ ਕਰਨਬੀਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਸੈਦਪੁਰ, ਰਿੰਕੂ ਵਾਸੀ ਸ਼ੇਖੂਪੁਰ ਅਤੇ ਗੁਰਬੀਰ ਸਿੰਘ ਵਾਸੀ ਕਰਤਾਰਪੁਰ ਵਜੋਂ ਹੋਈ ਹੈ। ਸਾਰੇ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਹਮਲਾਵਰ ਮੌਕੇ ਤੋਂ ਫਰਾਰ
ਜ਼ੇਰੇ ਇਲਾਜ ਕਰਨਬੀਰ ਸਿੰਘ ਦੇ ਦੱਸਣ ਮੁਤਾਬਕ ਉਹ ਤਿੰਨੇ ਦੋਸਤ ਢਾਬੇ ’ਤੇ ਰਾਤ ਨੂੰ ਖਾਣਾ ਖਾ ਰਹੇ ਸਨ ਕਿ ਇਸ ਦੌਰਾਨ ਚਾਰ ਤੋਂ ਪੰਜ ਗੱਡੀਆਂ ’ਤੇ ਤਕਰੀਬਨ ਤਿੰਨ ਦਰਜਨ ਨੌਜਵਾਨ ਢਾਬੇ ’ਤੇ ਆਏ। ਬਿਨਾਂ ਕੁਝ ਪੁੱਛੇ ਹੀ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਗੋਲੀਆਂ ਵੀ ਚਲਾਈਆਂ। ਇਸ ਦੌਰਾਨ ਗੁਰਬੀਰ ਸਿੰਘ ਨੂੰ ਗੋਲੀ ਲੱਗੀ, ਜਦਕਿ ਕਰਨਬੀਰ ਅਤੇ ਰਿੰਕੂ ਹੋਰ ਹਥਿਆਰਾਂ ਨਾਲ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਪੁਲਸ ਕਰ ਰਹੀ ਜਾਂਚ
ਐਮਰਜੈਂਸੀ ਵਾਰਡ ਦੀ ਡਿਊਟੀ ਡਾਕਟਰ ਯੋਗਿਤਾ ਨੇ ਜਾਣਕਾਰੀ ਦਿੱਤੀ ਕਿ ਤਿੰਨੇ ਜ਼ਖ਼ਮੀਆਂ ਦਾ ਇਲਾਜ ਜਾਰੀ ਹੈ। ਗੋਲੀ ਲੱਗਣ ਕਾਰਨ ਗੁਰਬੀਰ ਸਿੰਘ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ।
ਇਸ ਸੰਬੰਧੀ ਸੁਲਤਾਨਪੁਰ ਲੋਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਚੁੱਕੀ ਹੈ। ਪ੍ਰਾਰੰਭਿਕ ਜਾਂਚ ਵਿੱਚ ਪੁਰਾਣੀ ਰੰਜਿਸ਼ ਨੂੰ ਹਮਲੇ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਪੁਲਿਸ ਨੇ ਹਮਲਾਵਰਾਂ ਦੀ ਪਛਾਣ ਲਈ ਢਾਬੇ ਦੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।