ਖਬਰਿਸਤਾਨ ਨੈੱਟਵਰਕ- ਸਰਦੀਆਂ ਵਿਚ ਅਕਸਰ ਅਜਿਹੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਹਨ ਕਿ ਕਮਰੇ ਅੰਦਰ ਬਾਲੀ ਅੰਗੀਠੀ ਦੀ ਗੈਸ ਚੜ੍ਹਨ ਨਾਲ ਮੌਤ ਹੋ ਗਈ। ਤਾਜ਼ਾ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ,ਜਿਥੇ ਪਤੀ-ਪਤਨੀ ਦੀ ਗੈਸ ਚੜ੍ਹਨ ਕਾਰਣ ਜਾਨ ਚਲੀ ਗਈ
ਠੰਢ ਤੋਂ ਬਚਣ ਲਈ ਬਾਲੀ ਸੀ ਅੰਗੀਠੀ
ਜਾਣਕਾਰੀ ਅਨੁਸਾਰ ਠੰਢ ਤੋਂ ਬਚਣ ਲਈ ਪਤੀ ਪਤਨੀ ਨੇ ਅੰਗੀਠੀ ਵਿਚ ਅੱਗ ਬਾਲ ਕੇ ਕਮਰੇ ਵਿਚ ਰੱਖੀ ਸੀ। ਰਾਤ ਨੂੰ ਉਹ ਜਦੋਂ ਸੌਂ ਗਏ ਤਾਂ ਮੁੜ ਨਾ ਉਠੇ ਪਰਿਵਾਰ ਨੇ ਦਰਵਾਜ਼ਾ ਤੋੜ ਕੇ ਦੋਵਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਕਿਹਾ ਜਾ ਰਿਹਾ ਹੈ ਕਿ ਧੂਆਂ ਚੜ੍ਹਨ ਕਰ ਕੇ ਉਨਾਂ ਦਾ ਸਾਹ ਘੁਟਿਆ ਗਿਆ ਤੇ ਦੋਨਾਂ ਦੀ ਮੌਤ ਹੋ ਗਈ।
6 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਗੁਰਮੀਤ ਸਿੰਘ ਅਤੇ ਜਸਬੀਰ ਕੌਰ ਦੋਵਾਂ ਦਾ ਵਿਆਹ 6 ਮਹੀਨੇ ਪਹਿਲਾਂ ਹੀ ਹੋਇਆ ਸੀ। ਬੀਤੇ ਦਿਨੀਂ ਗੁਰਮੀਤ ਸਿੰਘ ਆਪਣੇ ਇਨਵਰਟਰ ਬੈਟਰੀ ਵਾਲੀ ਦੁਕਾਨ ਤੋਂ ਤਕਰੀਬਨ ਛੇ ਸੱਤ ਵਜੇ ਆਪਣੇ ਘਰ ਆਇਆ ਅਤੇ ਰਾਤ ਨੂੰ ਪਤੀ ਪਤਨੀ ਅੰਗੀਠੀ ਬਾਲ ਕੇ ਸੌਂ ਗਏ। ਅਗਲੇ ਦਿਨ ਸਵੇਰੇ ਜਦੋਂ ਉਸ ਦੇ ਪਿਤਾ ਅਤੇ ਬਾਕੀ ਪਰਿਵਾਰਕ ਮੈਂਬਰ ਉਸ ਨੂੰ ਫੋਨ ਕਰਦੇ ਹਨ ਜਾਂ ਆਵਾਜ਼ਾਂ ਲਗਾਉਂਦੇ ਹਨ ਤਾਂ ਉਨ੍ਹਾਂ ਵਲੋਂ ਕੋਈ ਜਵਾਬ ਨਹੀਂ ਆਉਂਦਾ।ਇਸ ਤੋਂ ਬਾਅਦ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੁੰਦੇ ਹਨ ਤਾਂ ਪਤੀ ਪਤਨੀ ਦੀਆਂ ਲਾਸ਼ਾਂ ਦੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।