ਖ਼ਬਰਿਸਤਾਨ ਨੈੱਟਵਰਕ: ਕੌਮਾਂਤਰੀ ਮਹਿਲਾ ਦਿਵਸ ਦੇ ਸ਼ੁਭ ਅਵਸਰ ‘ਤੇ ਕਪੂਰਥਲਾ ਦੇ ਓਲਿਵ ਗ੍ਰੀਨ ਰਿਜ਼ੌਰਟ ਵਿਖੇ ਐਤਵਾਰ ਨੂੰ ਇੱਕ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਮੇਜ਼ਬਾਨੀ ਸਰਦਾਰ ਚਰਨਜੀਤ ਸਿੰਘ ਕੋਚਰ ਦੀ ਧਰਮ ਪਤਨੀ ਕੈਲਾਸ਼ ਕੋਚਰ ਵੱਲੋਂ ਕੀਤੀ ਗਈ। ਇਸ ਮੌਕੇ ਸਮਾਗਮ ਵਿੱਚ ਪਹੁੰਚੀਆਂ ਸਮੂਹ ਬਜ਼ੁਰਗ ਅਤੇ ਸੀਨੀਅਰ ਮਹਿਲਾਵਾਂ ਨੂੰ ਸਤਿਕਾਰ ਵਜੋਂ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
‘ਦ ਬਾਲੀਵੁੱਡ ਕਲੱਬ, ਜਲੰਧਰ’ ਦਾ ਰਿਹਾ ਵਿਸ਼ੇਸ਼ ਸਹਿਯੋਗ

ਇਹ ਪ੍ਰੋਗਰਾਮ ਪ੍ਰਸਿੱਧ ਸੰਸਥਾ “ਦ ਬਾਲੀਵੁੱਡ ਕਲੱਬ, ਜਲੰਧਰ ਦੇ ਸਹਿਯੋਗ ਨਾਲ ਨੇਪਰੇ ਚੜ੍ਹਿਆ। ਸਮਾਗਮ ਦੌਰਾਨ ਕਲੱਬ ਦੇ ਅਹੁਦੇਦਾਰ ਪ੍ਰਧਾਨ ਡਾ. ਦੇਵਿੰਦਰ ਚੋਪੜਾ, ਉਪ-ਪ੍ਰਧਾਨ ਸ਼ਾਹੀਨ ਸ਼ਰਮਾ, ਸੰਯੁਕਤ ਸਕੱਤਰ ਵਿਜੇ ਚੌਧਰੀ, ਵਿੱਤ ਸਕੱਤਰ ਪ੍ਰੇਮ ਸ਼ਰਮਾ ਅਤੇ ਕਨਵੀਨਰ ਚੰਦਰ ਮੋਹਨ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
ਪ੍ਰੋਗਰਾਮ ਨੂੰ ਰੰਗਾਰੰਗ ਬਣਾਉਣ ਲਈ ਗਾਇਕ ਨਰੇਸ਼ ਧੀਮਾਨ, ਜਿਮੀ, ਨਰਿੰਦਰ ਸਿੰਘ ਅਤੇ ਕ੍ਰਿਤਿਕਾ ਨੇ ਆਪਣੇ ਮਧੁਰ ਗੀਤਾਂ ਨਾਲ ਖੂਬ ਸਮਾਂ ਬੰਨ੍ਹਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਪ੍ਰਸਿੱਧ ਸ਼ਾਇਰ ਸਰਦਾਰ ਕੰਵਰ ਇਕਬਾਲ ਸਿੰਘ ਨੇ ਕਲੱਬ ਦੇ ਪ੍ਰਧਾਨ ਡਾ. ਦੇਵਿੰਦਰ ਚੋਪੜਾ ਨੂੰ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ। ਡਾ. ਚੋਪੜਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ । ਸਰਦਾਰ ਚਰਨਜੀਤ ਸਿੰਘ ਵੱਲੋਂ ਲੰਚ ਦਾ ਖਾਸ ਪ੍ਰਬੰਧ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸਫਲਤਾ ‘ਤੇ ਸਕੱਤਰ ਸ਼ਿਵ ਗੁਪਤਾ ਨੇ ਸਭ ਦਾ ਧੰਨਵਾਦ ਕੀਤਾ।