ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸਮਰਪਿਤ ਪਹਿਲੇ ਸਾਡਾ ਨਾਟ ਮੇਲੇ ਦੇ ਪਹਿਲੇ ਦਿਨ ਭਗਤ ਸਿੰਘ ਦੀ ਸੋਚ ਅਤੇ ਦ੍ਰਿੜ ਇਰਾਦੇ ਨੂੰ ਦਰਸਾਉਂਦਾ ਦਵਿੰਦਰ ਦਮਨ ਦਵਾਰਾ ਲਿਖਿਤ ਨਾਟਕ “ ਛਿਪਣ ਤੋਂ ਪਹਿਲਾਂ” ਮੁੱਖ ਆਕਰਸ਼ਣ ਦਾ ਕੇਂਦਰ ਬਣਿਆ। ਸਾਡਾ ਨਾਟ ਘਰ ਅਤੇ ਇਪਟਾ ਅੰਮ੍ਰਿਤਸਰ ਦੇ ਸਹਿਯੋਗ ਨਾਲ ਹੋਏ ਇਸ ਪ੍ਰੋਗਰਾਮ ਵਿਚ ਇਪਟਾ ਪੰਜਾਬ ਦੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਦੇ ਨਾਲ ਇਪਟਾ ਬਿਹਾਰ , ਇਪਟਾ ਝਾਂਸੀ , ਇਪਟਾ ਕਪੂਰਥਲਾ ਅਤੇ ਇਪਟਾ ਊਰਯੀਂ ਤੋਂ ਮੁੱਖ ਮਹਿਮਾਨ ਡਾ. ਸੁਭਾਸ਼ ਚੰਦਰ , ਰਾਜ ਪੱਪਣ , ਦਵਿੰਦਰ ਸ਼ੁਕਲਾ ਅਤੇ ਦੀਪਕ ਨਾਹਰ ਪਹੁੰਚੇ । ਨਾਟਕ ਦੀ ਪੇਸ਼ਕਾਰੀ ਤੋਂ ਬਾਅਦ ਸਭ ਦਰਸ਼ਕ ਅਤੇ ਮਹਿਮਾਨ ਕਾਫ਼ੀ ਭਾਵੁਕ ਹੁੰਦੇ ਦਿਖਾਈ ਦਿੱਤੇ । ਮਹਿਮਾਨਾਂ ਦਾ ਕਹਿਣਾ ਸੀ ਕਿ ਏਨੀ ਸੰਜੀਦਗੀ ਅਤੇ ਸਮਝਦਾਰੀ ਨਾਲ ਨਿਭਾਇਆ ਗਿਆ ਇਹ ਨਾਟਕ ਹਮੇਸ਼ਾ ਲਈ ਉਹਨਾਂ ਦੀਆਂ ਚੰਗੀਆਂ ਯਾਦਾਂ ਵਿਚ ਰਹੇਗਾ ।
ਦਲਜੀਤ ਸਿੰਘ ਸੋਨਾ ਦਵਾਰਾ ਨਿਰਦੇਸ਼ਿਤ ਇਸ ਨਾਟਕ ਵਿਚ ਖੁਦ ਦਲਜੀਤ ਸੋਨਾ ਨੇ ਭਗਤ ਸਿੰਘ ਦਾ ਕਿਰਦਾਰ ਨਿਭਾਇਆ ਅਤੇ ਉਹਨਾਂ ਦੇ ਨਾਲ ਪਰਮਜੀਤ ਸਿੰਘ , ਹਰਮਨਪ੍ਰੀਤ ਸਿੰਘ , ਹਰਸ਼ਵੀਰ ਸਿੰਘ , ਮਨਪ੍ਰੀਤ ਸਨਿਆਲ ਅਤੇ ਅਨਮੋਲਪ੍ਰੀਤ ਕੌਰ ਵੱਖ – ਵੱਖ ਕਿਰਦਾਰਾਂ ਵਿਚ ਨਜ਼ਰ ਆਏ । ਸਾਡਾ ਨਾਟ ਘਰ ਦੀ ਜੂਨੀਅਰ ਟੀਮ ਨੇ ਵੀ ਫੈਸਟੀਵਲ ਵਿਚ ਆਪਣੀਆਂ ਪੇਸ਼ਕਾਰੀਆਂ ਨਾਲ ਧਾਕ ਜਮਾ ਕੇ ਰੱਖੀ । ਸਿੰਗਲ ਯੂਜ਼ ਪਲਾਸਟਿਕ ਤੇ ਆਧਾਰਿਤ ਨਾਟਕ “ਸੱਪ” ਦੀ ਜ਼ਬਰਦਸਤ ਪੇਸ਼ਕਾਰੀ ਨੇ ਸਭ ਨੂੰ ਪਲਾਸਟਿਕ ਦੀ ਸੋਚ ਸਮਝ ਕੇ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।
ਇਸ ਟੀਮ ਨੇ ਭਗਤ ਸਿੰਘ ਦੇ ਜੀਵਨ ਦਾ ਛੋਟਾ ਜਿਹਾ ਅੰਸ਼ ਆਪਣੇ ਨਾਟਕ “ ਭਗਤ ਸਿੰਘ “ ਰਾਹੀਂ ਵੀ ਦਰਸ਼ਕਾਂ ਦੇ ਰੂਬਰੂ ਕੀਤਾ। ਯੁਵਰਾਜ ਸਿੰਘ , ਹਰਮਨਪ੍ਰੀਤ ਸਿੰਘ , ਅਰਸ਼ਪ੍ਰੀਤ ਕੌਰ , ਰਾਹੁਲਦੀਪ , ਜੈਸਮੀਨ ਕੌਰ , ਐਸ਼ਮੀਨ ਕੌਰ ਅਤੇ ਹਰਮਨਜੋਤ ਸਿੰਘ ਨੇ ਆਪਣੀ ਅਦਾਕਾਰੀ ਨਾਲ ਸਭ ਨੂੰ ਮੋਹ ਲਿਆ। ਜਸਲੀਨ ਕੌਰ ਦੇ ਲੋਕ ਗੀਤਾਂ ਨੇ ਪ੍ਰੋਗਰਾਮ ਵਿਚ ਚਾਰ ਚੰਨ ਲਗਾ ਦਿੱਤੇ। ਸਭ ਦਰਸ਼ਕਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਅੰਤ ਟੀਮ ਵੱਲੋਂ ਸਾਰੇ ਮਹਿਮਾਨਾਂ ਨੂੰ ਗਰਮ ਸ਼ਾਲ ਦੇਕੇ ਸਨਮਾਨਿਤ ਕੀਤਾ ਗਿਆ। ਨਾਟ ਮੇਲੇ ਦੇ ਦੂਸਰੇ ਦਿਨ ਯਾਨੀ ਕਿ 26 ਮਾਰਚ ਨੂੰ ਫਿਰ ਤੋਂ ਸਾਡਾ ਨਾਟ ਘਰ ਦੇ ਵਿਹੜੇ ਰੌਣਕਾਂ ਲੱਗਣਗੀਆਂ।