ਖ਼ਬਰਿਸਤਾਨ ਨੈੱਟਵਰਕ: ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ ਜਲੰਧਰ ਵਿੱਚ ਇੱਕ ਕਾਂਗਰਸੀ ਆਗੂ ਅਸ਼ਵਨ ਭੱਲਾ ਦੇ ਘਰ ਪਹੁੰਚੇ। ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਅਸ਼ਵਨ ਭੱਲਾ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਹਾਲ ਹੀ ਵਿੱਚ ਈਸ਼ਾਨ ਨੇ ਅੰਤਰਰਾਸ਼ਟਰੀ ਟੀ-20 ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਫਾਈਨਲ ਮੈਚ ਵਿੱਚ ਬੱਲੇਬਾਜ਼ੀ ਕਰਦੇ ਹੋਏ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਸ ਮੌਕੇ ਅਸ਼ਵਨ ਭੱਲਾ ਨੇ ਈਸ਼ਾਨ ਕਿਸ਼ਨ ਨੂੰ ਵਿਸ਼ਵ ਕੱਪ ਜਿੱਤਣ ‘ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਹਿਰਦ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਵਿਸ਼ੇਸ਼ ਤੌਰ ‘ਤੇ ਲਵਿਸ਼ ਓਬਰਾਏ ਅਤੇ ਨਿਖਿਲ ਵੀ ਮੌਜੂਦ ਸਨ।
ਦੱਸ ਦੇਈਏ ਕਿ ਭਾਰਤ ਦੇ ਨੌਜਵਾਨ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਟੀ-20 ਵਿਸ਼ਵ ਕੱਪ 2026 ਲਈ ਅਚਾਨਕ ਟੀਮ ਵਿੱਚ ਐਂਟਰੀ ਮਾਰੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਵਿਸ਼ਵ ਕੱਪ ਵਿੱਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਭਾਰਤ ਨੂੰ ਤੀਜੀ ਵਾਰ ਟੀ-20 ਵਿਸ਼ਵ ਚੈਂਪੀਅਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਇੱਕ ਫੋਨ ਕਾੱਲ ਨੇ ਬਦਲੀ ਜਿੰਦਗੀ
ਹੁਣ ਭਾਰਤ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਕਿਸ਼ਨ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਇੱਕ ਫ਼ੋਨ ਕਾਲ ਨੇ ਈਸ਼ਾਨ ਦੀ ਜ਼ਿੰਦਗੀ ਬਦਲ ਦਿੱਤੀ। ਟੀ-20 ਵਿਸ਼ਵ ਕੱਪ 2026 ਤੋਂ ਪਹਿਲਾਂ ਸੂਰਿਆ ਨੇ ਕਿਸ਼ਨ ਨੂੰ ਫ਼ੋਨ ਕੀਤਾ ਸੀ। ਉਸ ਸਮੇਂ ਈਸ਼ਾਨ ਨੇ ਭਾਰਤੀ ਕਪਤਾਨ ਨੂੰ ਉਨ੍ਹਾਂ ‘ਤੇ ਥੋੜ੍ਹਾ ਭਰੋਸਾ ਰੱਖਣ ਦੀ ਗੱਲ ਕਹੀ ਸੀ। ਖੱਬੇ ਹੱਥ ਦੇ ਬੱਲੇਬਾਜ਼ ਨੇ ਆਪਣੀ ਗੱਲ ਨੂੰ ਸਹੀ ਸਾਬਤ ਕੀਤਾ ਅਤੇ ਟੂਰਨਾਮੈਂਟ ਵਿੱਚ 317 ਦੌੜਾਂ ਬਣਾ ਕੇ ਭਾਰਤ ਨੂੰ ਚੈਂਪੀਅਨ ਬਣਾਇਆ।
ਸੂਰਿਆਕੁਮਾਰ ਯਾਦਵ ਨੇ ਕਿਹਾ, “ਮੈਨੂੰ ਅੱਜ ਵੀ ਯਾਦ ਹੈ ਕਿ ਅਸੀਂ ਟੂਰਨਾਮੈਂਟ ਤੋਂ ਪਹਿਲਾਂ ਟੀਮ ਦੀ ਚੋਣ ਕਰ ਰਹੇ ਸੀ। ਮੇਰੀ ਕਿਸ਼ਨ ਨਾਲ ਫ਼ੋਨ ‘ਤੇ ਗੱਲ ਹੋਈ ਸੀ। ਮੈਂ ਉਨ੍ਹਾਂ ਨੂੰ ਪੁੱਛਿਆ ਸੀ ਕਿ ਕੀ ਤੁਸੀਂ ਮੇਰੇ ਲਈ ਵਿਸ਼ਵ ਕੱਪ ਜਿੱਤੋਗੇ? ਉਨ੍ਹਾਂ ਜਵਾਬ ਦਿੱਤਾ ਕਿ ਮੇਰੇ ‘ਤੇ ਥੋੜ੍ਹਾ ਭਰੋਸਾ ਦਿਖਾਓ ਅਤੇ ਮੈਂ ਤੁਹਾਨੂੰ ਇਹ ਕਰ ਕੇ ਦਿਖਾ ਦਿਆਂਗਾ।”
ਜ਼ਿਕਰਯੋਗ ਹੈ ਕਿ ਪਿਛਲੇ ਦੋ ਸਾਲਾਂ ਤੋਂ ਉਹ ਅੰਤਰਰਾਸ਼ਟਰੀ ਕ੍ਰਿਕਟ ਤੋਂ ਬਾਹਰ ਸਨ। ਉਨ੍ਹਾਂ ਨੇ ਘਰੇਲੂ ਕ੍ਰਿਕਟ ਵਿੱਚ ਖੇਡ ਕੇ ਸਖ਼ਤ ਮਿਹਨਤ ਕੀਤੀ ਅਤੇ ਫਿਰ ਟੀਮ ਵਿੱਚ ਵਾਪਸੀ ਕੀਤੀ। ਕਿਸ਼ਨ ਨੂੰ ਬੀ.ਸੀ.ਸੀ.ਆਈ. (BCCI) ਨੇ ਆਪਣੇ ਸੈਂਟਰਲ ਕੰਟਰੈਕਟ ਤੋਂ ਵੀ ਬਾਹਰ ਕਰ ਦਿੱਤਾ ਸੀ। ਹਾਲਾਂਕਿ, ਕਿਸ਼ਨ ਨੇ ਆਪਣੀ ਕਪਤਾਨੀ ਵਿੱਚ ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ ਝਾਰਖੰਡ ਨੂੰ ਚੈਂਪੀਅਨ ਬਣਾਇਆ।
ਉਨ੍ਹਾਂ ਨੇ ਫਾਈਨਲ ਵਿੱਚ 45 ਗੇਂਦਾਂ ‘ਤੇ ਸੈਂਕੜਾ ਜੜਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਨਿਊਜ਼ੀਲੈਂਡ ਖ਼ਿਲਾਫ਼ ਟੀ-20 ਸੀਰੀਜ਼ ਵਿੱਚ ਵਾਪਸੀ ਹੋਈ। ਇਸ ਸੀਰੀਜ਼ ਵਿੱਚ ਉਨ੍ਹਾਂ ਨੇ ਕੁੱਲ 215 ਦੌੜਾਂ ਬਣਾਈਆਂ ਅਤੇ ਪੰਜਵੇਂ ਟੀ-20 ਮੈਚ ਵਿੱਚ 42 ਗੇਂਦਾਂ ‘ਤੇ ਸੈਂਕੜਾ ਲਗਾ ਕੇ ਵਿਸ਼ਵ ਕੱਪ ਦੀ ਪਲੇਇੰਗ 11 ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ।