ਖ਼ਬਰਿਸਤਾਨ ਨੈੱਟਵਰਕ: ਨੇਪਾਲ ਦੇ ਮੱਧ ਖੇਤਰ ਵਿੱਚ ਭਾਰਤੀ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਖਾਈ ਵਿੱਚ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਦਰਦਨਾਕ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਮੁਸਾਫ਼ਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਰਾਹਤ ਕਾਰਜ ਸ਼ੁਰੂ ਕੀਤੇ ਗਏ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਮਨਕਾਮਨਾ ਮੰਦਰ ਤੋਂ ਪਰਤ ਰਹੀ ਸੀ ਬੱਸ
ਪੁਲਿਸ ਅਨੁਸਾਰ ਇਹ ਘਟਨਾ ਗੰਡਕੀ ਸੂਬੇ ਦੇ ਗੋਰਖਾ ਜ਼ਿਲ੍ਹੇ ਵਿੱਚ ਵਾਪਰੀ। ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਮਨਕਾਮਨਾ ਮੰਦਰ ਤੋਂ ਮੱਥਾ ਟੇਕ ਕੇ ਪਰਤ ਰਹੀ ਸੀ। ਇਸ ਦੌਰਾਨ ਬੱਸ ਅਚਾਨਕ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਡੂੰਘੀ ਖਾਈ ਵਿੱਚ ਜਾ ਡਿੱਗੀ। ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਵਿੱਚ ਦੋ ਮਹਿਲਾਵਾਂ ਅਤੇ ਪੰਜ ਪੁਰਸ਼ ਸ਼ਾਮਲ ਹਨ ਅਤੇ ਸਾਰੇ ਮ੍ਰਿਤਕ ਭਾਰਤੀ ਨਾਗਰਿਕ ਦੱਸੇ ਜਾ ਰਹੇ ਹਨ।
ਮ੍ਰਿਤਕਾਂ ਦੀ ਹੋਈ ਪਛਾਣ
ਜ਼ਿਲ੍ਹਾ ਪੁਲਿਸ ਦਫ਼ਤਰ ਅਨੁਸਾਰ ਮ੍ਰਿਤਕਾਂ ਦੀ ਪਛਾਣ ਮੁਥੂ ਕੁਮਾਰ (58),ਅਨਾਮਲਿਕ (58),ਮੀਨਾਕਸ਼ੀ (59),ਸ਼ਿਵਗਾਮੀ (53),ਵਿਜਯਲ (57),ਮੀਨਾ (58),ਤਮਿਲਾਰਸੀ (60) ਹੋਈ ਹੈ। ਇਸ ਤੋਂ ਇਲਾਵਾ ਸੱਤ ਹੋਰ ਜ਼ਖ਼ਮੀਆਂ ਨੂੰ ਬਚਾ ਕੇ ਆਂਬੂਖੈਰੇਨੀ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਡਰਾਈਵਰ ਦਾ ਬਚਾਅ, ਜਾਂਚ ਜਾਰੀ
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਬੱਸ ਦਾ ਡਰਾਈਵਰ ਇਸ ਹਾਦਸੇ ਵਿੱਚ ਵਾਲ-ਵਾਲ ਬਚ ਗਿਆ, ਜਦੋਂ ਕਿ ਉਸ ਦਾ ਸਹਾਇਕ ਜ਼ਖ਼ਮੀ ਹੋ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।