ਖ਼ਬਰਿਸਤਾਨ ਨੈੱਟਵਰਕ:ਸਪੇਨ ਦੇ ਕੌਰਡੋਬਾ ਸੂਬੇ ਵਿੱਚ ਐਤਵਾਰ ਰਾਤ ਇੱਕ ਦਰਦਨਾਕ ਰੇਲ ਹਾਦਸਾ ਵਾਪਰਿਆ, ਜਿੱਥੇ ਇੱਕ ਟ੍ਰੇਨ ਪਟੜੀ ਤੋਂ ਉਤਰ ਕੇ ਦੂਜੀ ਟ੍ਰੇਨ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਹੁਣ ਤੱਕ 21 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 73 ਯਾਤਰੀ ਜ਼ਖ਼ਮੀ ਦੱਸੇ ਜਾ ਰਹੇ ਹਨ। ਨਿਊਜ਼ ਏਜੰਸੀ AP ਅਨੁਸਾਰ, ਦੋਵਾਂ ਟ੍ਰੇਨਾਂ ਵਿੱਚ ਕਰੀਬ 500 ਯਾਤਰੀ ਸਵਾਰ ਸਨ।
ਟੱਕਰ ਕਾਰਨ ਕਈ ਡੱਬੇ ਪਟੜੀ ਤੋਂ ਉਤਰੇ
ਰਿਪੋਰਟ ਮੁਤਾਬਕ, ਮਲਾਗਾ ਤੋਂ ਮੈਡ੍ਰਿਡ ਜਾ ਰਹੀ ਟ੍ਰੇਨ ਪਟੜੀ ਤੋਂ ਉਤਰ ਕੇ ਨਾਲ ਵਾਲੀ ਲਾਈਨ ‘ਤੇ ਚਲੀ ਗਈ, ਜਿੱਥੇ ਉਸ ਦੀ ਟੱਕਰ ਮੈਡ੍ਰਿਡ–ਹੁਏਲਵਾ ਰੂਟ ‘ਤੇ ਚੱਲ ਰਹੀ ਹਾਈ-ਸਪੀਡ AVE ਟ੍ਰੇਨ ਨਾਲ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਈ ਡੱਬੇ ਪਟੜੀ ਤੋਂ ਉਤਰ ਗਏ ਅਤੇ ਇੱਕ ਡੱਬਾ ਪੂਰੀ ਤਰ੍ਹਾਂ ਪਲਟ ਗਿਆ।
ਰਾਹਤ ਅਤੇ ਬਚਾਅ ਕਾਰਜ ਜਾਰੀ
ਸਥਾਨਕ ਸਿਹਤ ਮੰਤਰੀ ਐਂਟੋਨੀਓ ਸੈਨਜ਼ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਉਨ੍ਹਾਂ ਕਿਹਾ ਕਿ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਛੇ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ।
ਯਾਤਰੀਆਂ ਨੂੰ ਮਹਿਸੂਸ ਹੋਇਆ ਭੂਚਾਲ ਵਰਗਾ ਝਟਕਾ
ਚਸ਼ਮਦੀਦਾਂ ਅਨੁਸਾਰ, ਟੱਕਰ ਦੇ ਸਮੇਂ ਭੂਚਾਲ ਵਰਗਾ ਜ਼ੋਰਦਾਰ ਝਟਕਾ ਮਹਿਸੂਸ ਹੋਇਆ। ਉਸੇ ਟ੍ਰੇਨ ਵਿੱਚ ਸਫਰ ਕਰ ਰਹੇ ਪੱਤਰਕਾਰ ਸਾਲਵਾਡੋਰ ਜਿਮੇਨੇਜ਼ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਯਾਤਰੀਆਂ ਨੂੰ ਹਥੌੜਿਆਂ ਨਾਲ ਖਿੜਕੀਆਂ ਤੋੜ ਕੇ ਬਾਹਰ ਕੱਢਿਆ ਗਿਆ। ਕਈ ਯਾਤਰੀਆਂ ਨੂੰ ਬਾਹਰ ਨਿਕਲਦੇ ਸਮੇਂ ਸੱਟਾਂ ਲੱਗੀਆਂ, ਜਦਕਿ ਕੁਝ ਨੇ ਟ੍ਰੇਨ ਦੇ ਅੰਦਰ ਧੂੰਆਂ ਭਰਨ ਦੀ ਸ਼ਿਕਾਇਤ ਵੀ ਕੀਤੀ।
ਹਾਦਸੇ ਤੋਂ ਬਾਅਦ ਮੌਕੇ ‘ਤੇ ਵੱਡੀ ਗਿਣਤੀ ਵਿੱਚ ਐਂਬੂਲੈਂਸਾਂ, ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਸੇਵਾਵਾਂ ਦੀਆਂ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ। ਸਪੇਨ ਦੀ ਰੇਲਵੇ ਏਜੰਸੀ ADIF ਨੇ ਮੈਡ੍ਰਿਡ ਅਤੇ ਅੰਡਾਲੂਸੀਆ ਵਿਚਕਾਰ ਸਾਰੀਆਂ ਰੇਲ ਸੇਵਾਵਾਂ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀਆਂ ਹਨ। ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਵੀ ਇਸ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।