ਖਬਰਿਸਤਾਨ ਨੈੱਟਵਰਕ- ਕੇਦਾਰਨਾਥ ਧਾਮ ਦੇ ਕਪਾਟ ਅੱਜ ਬੰਦ ਕਰ ਦਿੱਤੇ ਗਏ ਹਨ। ਉਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਵਿਚ ਸਥਿਤ ਕੇਦਾਰਨਾਥ ਧਾਮ ਦੇ ਕਪਾਟ ਸਰਦੀਆਂ ਦੇ ਮੌਸਮ ਨੂੰ ਮੱਦੇਨਜ਼ਰ ਰੱਖਦਿਆਂ ਬੰਦ ਕਰ ਦਿੱਤੇ ਗਏ ਹਨ। ਬਾਬਾ ਦੀ ਵਿਦਾਈ ਦੌਰਾਨ ਫ਼ੌਜ ਦੇ ਬੈਂਡ ਨੇ ਰਵਾਇਤੀ ਧੁਨਾਂ ਵਜਾਈਆਂ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਇਸ ਮੌਕੇ ਮੌਜੂਦ ਰਹੇ।
ਬਾਬਾ ਦੀ ਪਾਲਕੀ ਕੇਦਾਰਨਾਥ ਮੰਦਰ ਤੋਂ ਪੈਦਲ 55 ਕਿਲੋਮੀਟਰ ਦੀ ਯਾਤਰਾ ਤੈਅ ਕਰੇਗੀ ਅਤੇ 25 ਅਕਤੂਬਰ ਨੂੰ ਉਖੀਮਠ ਪਹੁੰਚੇਗੀ। ਇਥੇ ਬਾਬਾ ਅਗਲੇ ਛੇ ਮਹੀਨਿਆਂ ਲਈ ਆਪਣੇ ਸਰਦੀਆਂ ਦੇ ਆਸਣ, ਓਂਕਾਰੇਸ਼ਵਰ ਮੰਦਰ ਵਿਚ ਨਿਵਾਸ ਕਰਨਗੇ। ਸ਼ਰਧਾਲੂ 25 ਅਕਤੂਬਰ ਤੋਂ ਓਂਕਾਰੇਸ਼ਵਰ ਮੰਦਰ ਵਿਚ ਵੀ ਬਾਬਾ ਦੇ ਦਰਸ਼ਨ ਕਰ ਸਕਣਗੇ।
2 ਮਈ ਨੂੰ ਖੁੱਲ੍ਹੇ ਸਨ ਕਪਾਟ
ਇਸ ਸਾਲ ਲੱਖਾਂ ਹੀ ਸ਼ਰਧਾਲੂ ਬਾਬਾ ਕੇਦਾਰਨਾਥ ਦੇ ਦਰਸ਼ਨ ਕਰ ਚੁੱਕੇ ਹਨ। 2013 ਦੀ ਆਫ਼ਤ ਤੋਂ ਬਾਅਦ ਇਹ ਦੂਜਾ ਮੌਕਾ ਹੈ ਜਦੋਂ ਇੰਨੀ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਯਾਤਰਾ ਕੀਤੀ।
ਇਸ ਸਾਲ ਚਾਰਧਾਮ ਯਾਤਰਾ 30 ਅਪ੍ਰੈਲ ਨੂੰ ਗੰਗੋਤਰੀ ਅਤੇ ਯਮੁਨੋਤਰੀ ਮੰਦਰਾਂ ਦੇ ਕਪਾਟ ਖੋਲ੍ਹਣ ਨਾਲ ਸ਼ੁਰੂ ਹੋਈ ਸੀ। ਕੇਦਾਰਨਾਥ ਧਾਮ ਦੇ ਕਪਾਟ 2 ਮਈ ਨੂੰ ਸ਼ਰਧਾਲੂਆਂ ਲਈ ਖੋਲ੍ਹੇ ਗਏ ਸਨ ਅਤੇ ਬਦਰੀਨਾਥ ਧਾਮ ਦੇ ਕਪਾਟ 4 ਮਈ ਨੂੰ ਖੋਲ੍ਹੇ ਗਏ ਸਨ।