ਖ਼ਬਰਿਸਤਾਨ ਨੈੱਟਵਰਕ- ਪੰਜਾਬੀ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਜਿਨ੍ਹਾਂ ਦਾ ਅੱਜ ਅੰਤਿਮ ਸੰਸਕਾਰ ਮੋਹਾਲੀ ਦੇ ਬਲੌਂਗੀ ਵਿਚ ਦੁਪਹਿਰ ਸਮੇਂ 1 ਵਜੇ ਹੋਵੇਗਾ। ਉਨ੍ਹਾਂ ਦੇ ਦਿਹਾਂਤ ਨਾਲ ਪੰਜਾਬੀ ਸਿਨੇਮਾ ਜਗਤ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਵੀ ਸੋਗ ਦੀ ਲਹਿਰ ਹੈ।
ਕਈ ਦਿਨਾਂ ਤੋਂ ਹਸਪਤਾਲ ਵਿਚ ਸਨ ਦਾਖਲ
ਜਸਵਿੰਦਰ ਭੱਲਾ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਤੇ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਨੂੰ ਬੁੱਧਵਾਰ ਸ਼ਾਮ ਨੂੰ ਬ੍ਰੇਨ ਸਟ੍ਰੋਕ ਆਇਆ ਸੀ, ਸ਼ੁੱਕਰਵਾਰ ਤੜਕੇ 4 ਵਜੇ ਉਨ੍ਹਾਂ ਦੁਨੀਆ ਨੂੰ ਅਲਵਿਦਾ ਆਖ ਦਿੱਤਾ। 65 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਏ।
ਵੱਡੀਆਂ ਹਸਤੀਆਂ ਨੇ ਜਤਾਇਆ ਦੁੱਖ
ਜਸਵਿੰਦਰ ਭੱਲਾ ਦੇ ਦਿਹਾਂਤ ਤੋਂ ਬਾਅਦ ਸੋਸ਼ਲ ਮੀਡੀਆ ਉਤੇ ਸਾਰੇ ਪਾਸੇ ਸ਼ੋਕ ਸੰਦੇਸ਼ ਦੇਖੇ ਗਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਕਈ ਵੱਡੀਆਂ ਹਸਤੀਆਂ ਨੇ ਉਨ੍ਹਾਂ ਦੇ ਦਿਹਾਂਤ ਉਤੇ ਦੁੱਖ ਜਤਾਇਆ। ਸ਼ਾਮ ਸਮੇਂ ਖੁਦ ਉਹ ਭੱਲਾ ਦੇ ਘਰ ਉਨ੍ਹਾਂ ਦੇ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਨ ਵੀ ਪੁੱਜੇ।
ਪੰਜਾਬੀ ਫਿਲਮ ਜਗਤ ਨੂੰ ਵੱਡਾ ਘਾਟਾ
ਕਾਮੇਡੀਅਨ ਭੱਲਾ ਦੇ ਦਿਹਾਂਤ ਨਾਲ ਪੰਜਾਬੀ ਫਿਲਮ ਜਗਤ ਨੂੰ ਵੱਡਾ ਘਾਟਾ ਪਿਆ ਹੈ। ਕਿਉਂਕਿ ਉਨ੍ਹਾਂ ਨੇ ਕਾਮੇਡੀ ਫਾਰਮੈਟ ਵਿਚ ਨਵੀਆਂ ਪੈੜਾਂ ਪਾਈਆਂ। ਛਣਕਾਟਾ ਤੇ ਚਾਚਾ ਚਤਰੇ ਵਰਗੀਆਂ ਉਨ੍ਹਾਂ ਦੀਆਂ ਕੈਸੇਟਾਂ ਕਾਫੀ ਮਸ਼ਹੂਰ ਹੋਈਆਂ ਸਨ। ਪੰਜਾਬੀ ਫਿਲਮਾਂ ਵਿਚ ਉਨ੍ਹਾਂ ਵਲੋਂ ਨਿਭਾਏ ਰੋਲ ਲੋਕਾਂ ਵਲੋਂ ਖੂਬ ਪਸੰਦ ਕੀਤੇ ਜਾਂਦੇ ਰਹੇ ਤੇ ਉਨ੍ਹਾਂ ਦੇ ਡਾਇਲਾਗ ਵੀ ਲੋਕਾਂ ਵਿਚ ਕਾਫੀ ਮਸ਼ਹੂਰ ਹੋਏ।
ਜਸਵਿੰਦਰ ਭੱਲਾ ਬਾਰੇ
ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਦੋਰਾਹਾ ਵਿੱਚ ਹੋਇਆ ਸੀ ਪਰ ਉਨ੍ਹਾਂ ਦਾ ਪਿਛੋਕੜ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕੱਦੋਂ ਦਾ ਸੀ। ਉਨ੍ਹਾਂ ਦੇ ਪਿਤਾ ਬਹਾਦਰ ਸਿੰਘ ਭੱਲਾ ਪੇਸ਼ੇ ਵਜੋਂ ਅਧਿਆਪਕ ਸਨ। ਅਧਿਆਪਕ ਵੱਜੋਂ ਨੌਕਰੀ ਲੱਗਣ ਮਗਰੋਂ ਉਨ੍ਹਾਂ ਦੇ ਪਿਤਾ ਦੋਰਾਹਾ ਵੱਸ ਗਏ ਸਨ। ਦੋਰਾਹੇ ਤੋਂ ਹੀ ਭੱਲਾ ਨੇ ਸੀਨੀਅਰ ਸੈਕੰਡਰੀ ਸਕੂਲ ਤੋਂ ਆਪਣੀ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ।
ਜਸਵਿੰਦਰ ਭੱਲਾ ਦਾ ਜਨਮ ਚਾਹੇ ਦੋਰਾਹਾ ਵਿੱਚ ਹੋਇਆ ਸੀ ਪਰ ਉਨ੍ਹਾਂ ਨੇ ਆਪਣੇ ਪਿੰਡ ਆਉਣਾ ਜਾਣਾ ਸਾਰੀ ਉਮਰ ਜਾਰੀ ਰੱਖਿਆ ਸੀ। ਜਸਵਿੰਦਰ ਭੱਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਪ੍ਰੋਫੈਸਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਸਨ।ਜਸਵਿੰਦਰ ਭੱਲਾ ਦੇ ਪਤਨੀ ਦਾ ਨਾਮ ਪਰਮਦੀਪ ਭੱਲਾ ਹੈ। ਉਨ੍ਹਾਂ ਦੇ ਦੋ ਬੱਚੇ ਪੁਖਰਾਜ ਭੱਲਾ ਅਤੇ ਅਰਸ਼ਪ੍ਰੀਤ ਭੱਲਾ ਹਨ। ਉਨ੍ਹਾਂ ਦੇ ਪੁੱਤਰ ਪੁਖਰਾਜ ਖੁਦ ਵੀ ਅਦਾਕਾਰ ਹਨ, ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਦੇ ਰਹੇ ਹਨ।
ਜਸਵਿੰਦਰ ਭੱਲਾ ਪ੍ਰੋਫ਼ੈਸਰ ਤੋਂ ਕਿਵੇਂ ਬਣੇ ਕਾਮੇਡੀ ਕਿੰਗ
ਜਸਵਿੰਦਰ ਭੱਲਾ ਨੇ ਸਾਲ 1988 ਵਿੱਚ ‘ਛਣਕਾਟਾ 88’ ਨਾਲ ਇੱਕ ਕਾਮੇਡੀਅਨ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।ਉਨ੍ਹਾਂ ਨੇ ‘ਕੈਰੀ ਆਨ ਜੱਟਾ’, ‘ਜਿੰਦ ਜਾਨ’, ‘ਬੈਂਡ ਵਾਜੇ’ ‘ਜੱਟ ਐਂਡ ਜੂਲੀਅਟ’ ਵਰਗੀਆਂ ਕਈ ਹਿੱਟ ਫਿਲਮਾਂ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਕਾਮੇਡੀ ਨਾਲ ਲੋਕਾਂ ਦਾ ਦਿਲ ਜਿੱਤਿਆ। ਉਨ੍ਹਾਂ ਦੇ ਡਾਇਲਾਗ ਲੋਕ ਅੱਜ ਵੀ ਆਪਣੇ ਚੇਤਿਆਂ ਤੋਂ ਵਿਸਾਰ ਨਹੀਂ ਸਕਦੇ।