ਲੋਕ ਕਲਾ ਮੰਚ ਮਜੀਠਾ ਦੀ ਟੀਮ ਦੁਆਰਾ ਸਰਕਾਰੀ ਹਾਈ ਸਕੂਲ ਜਗਦੇਵ ਖੁਰਦ ‘ਚ ਨਾਟਕ ‘ਗਿੱਲੀ ਮਿੱਟੀ’ ਪੇਸ਼ ਕੀਤਾ ਗਿਆ | ਇਹ ਨਾਟਕ ਗੁਰਮੇਲ ਸ਼ਾਮ ਨਗਰ ਦੁਆਰਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਗਿਆ ਹੈ। ਜਿਸ ਵਿੱਚ ਕਿਸ਼ੋਰ ਅਤੇ ਜਵਾਨ ਹੋ ਰਹੇ ਧੀਆਂ ਪੁੱਤਾਂ ਦੀ ਮਾਨਸਿਕਤਾ ਉੱਪਰ ਆਲੇ-ਦੁਆਲੇ ਦੇ ਬੁਰੇ ਪ੍ਰਭਾਵਾਂ ਅਤੇ ਖ਼ਾਸ ਕਰਕੇ ਲੱਚਰ, ਹਿੰਸਕ ਅਤੇ ਨਸ਼ੇੜੀ ਗਾਇਕੀ ਦੇ ਬੁਰੇ ਅਸਰ ਦੀ ਗੱਲ ਕੀਤੀ ਗਈ ਹੈ।
ਸਾਡੇ ਕਿਸ਼ੋਰ ਅਤੇ ਜਵਾਨ ਹੋ ਰਹੇ ਬੱਚਿਆਂ ਦੀ ਵੱਡੀ ਗਿਣਤੀ ਵਿੱਚ ਆਪ ਹੁਦਰਾਪਣ, ਨਸ਼ਿਆਂ ਵੱਲ ਰੁਝਾਨ, ਅਸ਼ਲੀਲਤਾ ਅਤੇ ਕੱਚੀ ਉਮਰੇ ਚੁੱਕੇ ਗ਼ਲਤ ਕਦਮ, ਵੈਲਪੁਣੇ ਅਤੇ ਹਥਿਆਰਾਂ ਦਾ ਸ਼ੌਕ, ਆਧੁਨਿਕਤਾ ਦੇ ਪ੍ਰਭਾਵ ਹੇਠ ਅਜੀਬੋ ਅਜੀਬ ਹੁਲੀਏ ਅਤੇ ਅਧਿਆਪਕਾਂ ਅਤੇ ਮਾਂ ਬਾਪ ਦੀ ਬੇਕਦਰੀ ਇਹ ਮਸਲੇ ਸਾਡੇ ਸਭ ਦੇ ਸਾਹਮਣੇ ਗੰਭੀਰ ਸਮੱਸਿਆ ਵਾਂਗ ਦਰਪੇਸ਼ ਹਨ। ਉਪਰੋਕਤ ਕਾਰਨਾਂ ਦੇ ਨਾਲ-ਨਾਲ ਮਾਤਾ ਪਿਤਾ ਅਤੇ ਅਧਿਆਪਕਾਂ ਦੀ ਭੂਮਿਕਾ ਨੂੰ ਵੀ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਇਹਨਾਂ ਦੀ ਮਸਲਿਆਂ ਉੱਪਰ”ਗਿੱਲੀ ਮਿੱਟੀ” ਨਾਟਕ ਰਾਹੀਂ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।