ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਦੇ ਜਨੂੰਨ ਨੇ ਹੁਣ ਲੋਕਾਂ ਦੇ ਮਨਾਂ ‘ਤੇ ਪੂਰੀ ਤਰ੍ਹਾਂ ਕਬਜ਼ਾ ਜਮਾ ਲਿਆ ਹੈ। ਹੁਣ ਜਲੰਧਰ ਤੋਂ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ,ਜਿਥੇ ਇੰਸਟਾਗ੍ਰਾਮ ‘ਤੇ ਫਾਲੋਅਰਜ਼ ਵਧਾਉਣ ਲਈ, ਇੱਕ ਨੌਜਵਾਨ ਨੇ ਇੱਕ ਬਿੱਲੀ ਦੀਆਂ ਲੱਤਾਂ ਬੰਨ੍ਹ ਕੇ ਸ਼ਿਕਾਰੀ ਕੁੱਤਿਆਂ ਦੇ ਸਾਹਮਣੇ ਸੁੱਟ ਦਿੱਤਾ ਅਤੇ ਫਿਰ ਵੀਡੀਓ ਰਿਕਾਰਡ ਕਰ ਕੇ ਇੰਸਟਾਗ੍ਰਾਮ ‘ਤੇ ਅਪਲੋਡ ਕਰ ਦਿੱਤੀ। ਇਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਅਤੇ ਲੋਕਾਂ ਨੇ ਪੰਜਾਬ ਪੁਲਸ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਲਈ ਟਿੱਪਣੀਆਂ ਅਤੇ ਟੈਗ ਕੀਤੇ।
ਵਾਇਰਲ ਹੋਣ ਲਈ ਬਣਾਈ ਵੀਡੀਓ
ਦੱਸ਼ ਦੇਈਏ ਕਿ ਜਦੋਂ ਇਹ ਰੀਲਾਂ ਮੁੰਬਈ ਦੇ ਇੱਕ ਜਾਨਵਰ ਪ੍ਰੇਮੀ ਤੱਕ ਪਹੁੰਚੀਆਂ ਤਾਂ ਉਸ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਜਲੰਧਰ ਦਿਹਾਤੀ ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਉਸ ਦੇ ਕਬਜ਼ੇ ਵਿੱਚੋਂ ਬੇਰਹਿਮੀ ਦੇ ਕਈ ਵੀਡੀਓ ਬਰਾਮਦ ਕੀਤੇ ਹਨ। ਦੋਸ਼ੀ ਦੀ ਪਛਾਣ ਮਨਦੀਪ ਵਜੋਂ ਹੋਈ ਹੈ। ਪੁਲਸ ਅਨੁਸਾਰ ਦੋਸ਼ੀ ਮਨਦੀਪ ਜਲੰਧਰ ਦੇ ਸ਼ਾਹਕੋਟ ਦੇ ਮੁਹੱਲਾ ਬਾਗ ਵਿੱਚ ਰਹਿੰਦਾ ਹੈ। ਉਸ ਕੋਲ 4 ਸ਼ਿਕਾਰੀ ਕੁੱਤੇ ਹਨ। ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਦੋਸ਼ੀ ਨੇ ਕਿਹਾ ਕਿ ਉਹ ਇੰਸਟਾਗ੍ਰਾਮ ‘ਤੇ ਮਸ਼ਹੂਰ ਹੋਣਾ ਚਾਹੁੰਦਾ ਸੀ, ਇਸ ਲਈ ਉਸ ਨੇ ਅਜਿਹੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੇਤੇ ਪਾ ਦਿੱਤੀ।
ਅਜਿਹੀਆਂ ਚੀਜ਼ਾਂ ਸੋਸ਼ਲ ਮੀਡੀਆ ‘ਤੇ ਘੱਟ ਹੀ ਦੇਖਣ ਨੂੰ ਮਿਲਦੀਆਂ ਹਨ, ਇਸ ਲਈ ਉਸ ਨੇ ਅਜਿਹੀਆਂ ਰੀਲਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ਉਸ ਨੇ ਸੋਚਿਆ ਕਿ ਉਸ ਨੂੰ ਇਹਨਾਂ ਵੀਡੀਓਜ਼ ਤੋਂ ਜ਼ਿਆਦਾ ਵਿਊਜ਼ ਮਿਲਣਗੇ ਅਤੇ ਉਹ ਮਸ਼ਹੂਰ ਹੋ ਜਾਵੇਗਾ। ਪੁਲਸ ਨੇ ਫਿਲਹਾਲ ਉਸ ਵਿਰੁੱਧ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 325 ਅਤੇ ਪਸ਼ੂ ਬੇਰਹਿਮੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਸ਼ਾਹਕੋਟ ਦੇ ਡੀਐਸਪੀ ਨੇ ਕੀ ਕਿਹਾ
ਇਸ ਬਾਰੇ ਜਲੰਧਰ ਦੇ ਸ਼ਾਹਕੋਟ ਦੇ ਡੀਐਸਪੀ ਓਮਕਾਰ ਸਿੰਘ ਬਰਾੜ ਨੇ ਕਿਹਾ ਕਿ ਜਦੋਂ ਵੀਡੀਓ ਸਾਡੇ ਕੋਲ ਪਹੁੰਚੀ ਤਾਂ ਦੋਸ਼ੀ ਵਿਰੁੱਧ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਮੁਲਜ਼ਮਾਂ ਤੋਂ ਕੁਝ ਇਤਰਾਜ਼ਯੋਗ ਵੀਡੀਓ ਵੀ ਬਰਾਮਦ ਕੀਤੇ ਗਏ ਹਨ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।