ਬਠਿੰਡਾ ‘ਚ ਐਨਆਰਆਈ ਔਰਤ ਤੋਂ 25 ਤੋਲੇ ਸੋਨੇ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ | ਆਰਟੀਕਾ ਸਵਾਰ ਲੁਟੇਰਿਆਂ ਨੇ ਬੀਤੀ ਰਾਤ ਥਾਣਾ ਨੇਹੀਆਂਵਾਲਾ ਅਧੀਨ ਪੈਂਦੇ ਪਿੰਡ ਕੋਠੇ ਨੱਥਾ ਸਿੰਘ ਵਾਲਾ ਦੀ ਮੁੱਖ ਸੜਕ ’ਤੇ NRI ਔਰਤ ਤੋਂ ਕਰੀਬ 25 ਤੋਲੇ ਸੋਨਾ ਲੁੱਟ ਲਿਆ। ਪੀੜਤ ਰਜਿੰਦਰ ਕੌਰ ਅਪਣੇ ਪੂਰੇ ਪਰਵਾਰ ਸਮੇਤ ਐਤਵਾਰ ਨੂੰ ਵਿਆਹ ’ਚ ਸ਼ਾਮਲ ਹੋਣ ਲਈ ਪਹੁੰਚੀ ਸੀ।
ਦੋਸ਼ੀ ਮੌਕੇ ‘ਤੇ ਫ਼ਰਾਰ
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਗੋਨਿਆਣਾ ਪੁਲਿਸ ਚੌਕੀ ਦੇ ਇੰਚਾਰਜ ਮੋਹਨਦੀਪ ਸਿੰਘ ਨੇ ਦਸਿਆ ਕਿ ਐਨਆਰਆਈ ਔਰਤ ਰਜਿੰਦਰ ਕੌਰ ਕੁਝ ਦਿਨ ਪਹਿਲਾਂ ਹੀ ਆਸਟਰੇਲੀਆ ਤੋਂ ਅਪਣੇ ਪਿੰਡ ਚੱਕਾ ਬਖਤੂ ਆਈ ਸੀ। ਉਨ੍ਹਾਂ ਦੱਸਿਆ ਕਿ ਮਹਿਲਾ ਦੀ ਮਾਸੀ ਦੇ ਲੜਕੇ ਦਾ ਵਿਆਹ ਜੈਤੋ ਰੋਡ ’ਤੇ ਇਕ ਪੈਲੇਸ ਵਿਚ ਸੀ।
ਵਿਆਹ ਤੋਂ ਪਰਤਦੇ ਸਮੇਂ ਵਾਪਰੀ ਘਟਨਾ
ਪੁਲਿਸ ਚੌਕੀ ਇੰਚਾਰਜ ਨੇ ਦੱਸਿਆ ਕਿ ਰਾਤ ਕਰੀਬ 11.30 ਵਜੇ ਔਰਤ ਜਦੋਂ ਵਿਆਹ ਤੋਂ ਵਾਪਸ ਆ ਰਹੀ ਸੀ ਤਾਂ ਅਚਾਨਕ ਕਾਰ ’ਚ ਸਵਾਰ ਬੱਚੇ ਨੂੰ ਉਲਟੀਆਂ ਆਉਣ ਲੱਗੀਆਂ। ਉਕਤ ਔਰਤ ਕਾਰ ਨੂੰ ਰੋਕ ਕੇ ਅਪਣੇ ਬੱਚੇ ਨੂੰ ਉਲਟੀ ਕਰ ਰਹੀ ਸੀ ਜਦੋਂ ਇਕ ਆਰਟਿਕਾ ਕਾਰ ’ਚ ਸਵਾਰ ਵਿਅਕਤੀ ਹਥਿਆਰਾਂ ਸਮੇਤ ਆਏ ਅਤੇ ਐਨਆਰਆਈ ਔਰਤ ਸਮੇਤ ਬਾਕੀ ਪਰਵਾਰ ਤੋਂ ਕਰੀਬ 25 ਤੋਲੇ ਸੋਨੇ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ। ਪੁਲਿਸ ਚੌਕੀ ਇੰਚਾਰਜ ਨੇ ਦਸਿਆ ਕਿ ਪੀੜਤ ਐਨਆਰਆਈ ਔਰਤ ਰਜਿੰਦਰ ਕੌਰ ਦੇ ਬਿਆਨ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।