ਖਨੌਰੀ ਬਾਰਡਰ ’ਤੇ ਅੱਜ ਇਕ ਹੋਰ ਕਿਸਾਨ ਦੀ ਜਾਨ ਚਲੀ ਗਈ। ਜਾਣਕਾਰੀ ਅਨੁਸਾਰ ਕਿਸਾਨ ਖਨੌਰੀ ਮੋਰਚੇ ‘ਤੇ ਬੀਮਾਰ ਹੋਇਆ ਸੀ।
ਇਲਾਜ ਦੌਰਾਨ ਹੋਈ ਮੌਤ
ਬੀਮਾਰ ਹੋਣ ਤੋਂ ਬਾਅਦ ਕਿਸਾਨ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਅੱਜ ਕਿਸਾਨ ਦੀ ਮੌਤ ਹੋ ਗਈ।
ਪਛਾਣ
ਮ੍ਰਿਤਕ ਕਿਸਾਨ ਦੀ ਪਛਾਣ ਜੱਗਾ ਸਿੰਘ (80) ਪੁੱਤਰ ਦਰਬਾਰਾ ਸਿੰਘ ਪਿੰਡ ਗੋਦਾਰਾ, ਤਹਿ ਜੈਤੋ, ਜ਼ਿਲ੍ਹਾ ਫ਼ਰੀਦਕੋਟ ਵਜੋਂ ਹੋਈ ਹੈ। ਜੱਗਾ ਸਿੰਘ 5 ਪੁੱਤਰ ਅਤੇ ਇੱਕ ਧੀ ਦਾ ਪਿਤਾ ਸੀ। ਅੱਜ 12 ਜਨਵਰੀ 2025 ਨੂੰ ਖਨੌਰੀ ਮੋਰਚੇ ਉਤੇ ਸ਼ਹੀਦ ਜੱਗਾ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਉਪਰੰਤ ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਗੋਦਾਰਾ ਨੇੜੇ ਬਾਜਾਖਾਨਾ ਵਿਖੇ ਕੀਤਾ ਜਾਵੇਗਾ।
ਡੱਲੇਵਾਲ ਦੇ ਮਰਨ ਵਰਤ ਦਾ ਅੱਜ 48ਵਾਂ ਦਿਨ
ਦੱਸ ਦੇਈਏ ਕਿ 48 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ ਹੈ। ਉਨ੍ਹਾਂ ਦੀ ਹਾਲਤ ਕਾਫੀ ਨਾਸਾਜ਼ ਦੱਸੀ ਜਾ ਰਹੀ ਹੈ।
ਉਹ 26 ਨਵੰਬਰ ਤੋਂ ਕਿਸਾਨੀ ਮੰਗਾਂ ਸਮੇਤ ਐਮ ਐਸ ਪੀ ਦੇ ਗਾਰੰਟੀ ਕਾਨੂੰਨ ਨੂੰ ਲੈ ਕੇ ਮਰਨ ਵਰਤ ਉਤੇ ਹਨ। ਕਿਸਾਨ ਸ਼ੰਬੂ ਤੇ ਖਨੌਰੀ ਬਾਰਡਰ 13 ਫਰਵਰੀ 2024 ਤੋਂ ਬੈਠੇ ਹੋਏ ਹਨ। ਇਸ ਦੌਰਾਨ ਉਨ੍ਹਾਂ ਦਿੱਲੀ ਜਾਣਾ ਸੀ ਪਰ ਹਰਿਆਣਾ ਪ੍ਰਸ਼ਾਸਨ ਨੇ ਉਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ, ਉਦੋਂ ਤੋਂ ਕਿਸਾਨਾਂ ਨੇ ਉਥੇ ਧਰਨਾ ਲਾਇਆ ਹੋਇਆ ਹੈ।
ਇਸ ਦੌਰਾਨ ਕਿਸਾਨਾਂ ਨੇ 3 ਵਾਰ ਪੈਦਲ ਦਿੱਲੀ ਕੂਚ ਦੀ ਵੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ।
ਦੋ ਕਿਸਾਨ ਕਰ ਚੁੱਕੇ ਖੁਦਕੁਸ਼ੀਆਂ
ਇਸ ਤੋਂ ਪਹਿਲਾਂ ਦਿੱਲੀ ਨਾ ਦਿੱਤੇ ਜਾਣ ਤੋਂ ਪ੍ਰੇਸ਼ਾਨ ਦੋ ਕਿਸਾਨ ਧਰਨੇ ਵਿਚ ਖੁਦਕੁਸ਼ੀ ਵੀ ਕਰ ਚੁੱਕੇ ਹਨ। 30 ਦਸੰਬਰ ਨੂੰ ਕਿਸਾਨ ਪੰਜਾਬ ਬੰਦ ਵੀ ਕਰ ਚੁੱਕੇ ਹਨ ਤੇ ਹੁਣ ਕਿਸਾਨਾਂ ਨੇ 26 ਮਾਰਚ ਨੂੰ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਹੋਇਆ ਹੈ।