ਖਬਰਿਸਤਾਨ ਨੈੱਟਵਰਕ- ਸਿੱਖ ਕੌਮ ਦੇ ਮਹਾਨ ਯੋਧੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਅੱਜ ਸ਼ਹੀਦੀ ਦਿਹਾੜਾ ਸੰਗਤਾਂ ਵਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰ ਕੇ ਬਾਬਾ ਜੀ ਨੂੰ ਕੋਟਿ ਕੋਟਿ ਪ੍ਰਣਾਮ ਕੀਤਾ।
CM ਮਾਨ ਦਾ ਟਵੀਟ
CM ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਸਿੱਖ ਕੌਮ ਦੇ ਮਹਾਨ ਜਰਨੈਲ, ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ। ਬਾਬਾ ਦੀਪ ਸਿੰਘ ਜੀ ਨੇ ਆਪਣੀ ਜੰਗੀ ਨਿਪੁੰਨਤਾ ਅਤੇ ਖੰਡੇ ਦੇ ਜੌਹਰ ਨਾਲ ਦੁਨੀਆ ਦਾ ਨਿਵੇਕਲਾ ਇਤਿਹਾਸ ਸਿਰਜਿਆ। ਉਹਨਾਂ ਦੀ ਸੂਰਬੀਰਤਾ ਅਤੇ ਬਹਾਦਰੀ ਨੂੰ ਸਿੱਖ ਕੌਮ ਸੀਸ ਝੁਕਾ ਕੇ ਸਿਜਦਾ ਕਰਦੀ ਹੈ।
ਇਤਿਹਾਸ
ਧਾਰਮਕ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ, 1682 ਨੂੰ ਪਿੰਡ ਪਹੂਵਿੰਡ, ਤਰਨ ਤਾਰਨ ਵਿਖੇ ਹੋਇਆ ਸੀ। ਬਾਬਾ ਦੀਪ ਸਿੰਘ ਜੀ ਦੇ ਮਾਤਾ ਜੀ ਦਾ ਨਾਂਅ ਮਾਤਾ ਜਿਊਣੀ ਅਤੇ ਪਿਤਾ ਭਾਈ ਭਗਤਾ ਸੀ, ਜਿਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਦਾ ਬਚਪਨ ਵਿੱਚ ਦੀਪਾ ਨਾਮ ਰੱਖਿਆ।
ਬਾਬਾ ਦੀਪ ਸਿੰਘ ਜੀ ਜਦੋਂ 18 ਸਾਲ ਦੇ ਸਨ, ਤਾਂ ਉਹ ਹੋਲੇ-ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਕੇ ਬਾਲਕ ਦੀਪਾ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਤੋਂ ਪ੍ਰੇਰਨਾ ਲੈਂਦੇ ਹੋਏ ਦੀਪਾ ਨੇ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਪਵਿੱਤਰ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅੰਮ੍ਰਿਤ ਛਕਣ ਤੋਂ ਬਾਅਦ ਦੀਪਾ ਤੋਂ ਆਪ ਦੀਪ ਸਿੰਘ ਬਣ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਸਿੰਘ ਨੂੰ ਆਪਣੇ ਕੋਲ ਹੀ ਰੱਖ ਲਿਆ। ਅਨੰਦਪੁਰ ਵਿੱਚ ਰਹਿ ਕੇ ਹੀ ਬਾਬਾ ਦੀਪ ਸਿੰਘ ਜੀ ਨੇ ਗੁਰਮੁੱਖੀ, ਫਾਰਸੀ ਅਤੇ ਅਰਬੀ ਲਿਪੀ ਵਿੱਚ ਮੁਹਾਰਤ ਹਾਸਲ ਕੀਤੀ।
ਇਥੇ ਹੀ ਉਨ੍ਹਾਂ ਨੇ ਸ਼ਸਤਰ ਵਿੱਦਿਆ, ਘੋੜ ਸਵਾਰੀ, ਤਲਵਾਰਬਾਜ਼ੀ, ਤੀਰਅੰਦਾਜ਼ੀ ਤੇ ਨੇਜ਼ਾਬਾਜ਼ੀ ਦੇ ਗੁਰ ਸਿੱਖੇ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਿਕਾਰ ਲਈ ਜਾਂਦੇ ਤਾਂ ਭਾਈ ਦੀਪ ਸਿੰਘ ਵੀ ਨਾਲ ਹੀ ਮੌਜੂਦ ਹੁੰਦੇ ਸਨ। ਇੱਥੇ ਰਹਿੰਦਿਆਂ ਹੀ ਭਾਈ ਮਨੀ ਸਿੰਘ ਤੋਂ ਬਾਬਾ ਦੀਪ ਸਿੰਘ ਜੀ ਨੇ ਧਾਰਮਿਕ ਗ੍ਰੰਥਾਂ ਅਤੇ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਤਾਂ ਆਪਣੇ ਮਹਿਲ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੀ ਸੇਵਾ ਸੰਭਾਲ ਅਤੇ ਦੇਖ-ਰੇਖ ਲਈ ਭਾਈ ਮਨੀ ਸਿੰਘ, ਭਾਈ ਧੰਨਾ ਸਿੰਘ ਅਤੇ ਭਾਈ ਜਵਾਹਰ ਸਿੰਘ ਜੀ ਨੂੰ ਮੁੱਖੀਆ ਬਣਾ ਕੇ ਦੋ ਦਾਸੀਆਂ ਬੀਬੀ ਭਾਗ ਕੌਰ ਤੇ ਬੀਬੀ ਹਰਦਾਸ ਕੌਰ ਨਾਲ ਦਿੱਲੀ ਭੇਜ ਦਿੱਤਾ। ਉਸ ਸਮੇਂ ਬਾਬਾ ਦੀਪ ਸਿੰਘ ਜੀ ਕੁਝ ਸਮਾਂ ਭਾਈ ਜਵਾਹਰ ਸਿੰਘ ਦੇ ਘਰ ਰਹਿ ਕੇ ਮਾਤਾ ਜੀ ਦੀ ਖੁਸ਼ੀ ਅਤੇ ਆਗਿਆ ਲੈ ਕੇ ਆਪਣੇ ਪਿੰਡ ਪਹੂਵਿੰਡ ਆ ਕੇ ਸਿੱਖੀ ਦਾ ਪ੍ਰਚਾਰ ਕਰਨ ਵਿੱਚ ਜੁੱਟ ਗਏ।
ਗੁਰੂ ਪਾਤਸ਼ਾਹ ਜੀ ਜਦੋਂ ਦੱਖਣ ਵੱਲ ਗਏ, ਤਾਂ ਬਾਬਾ ਦੀਪ ਸਿੰਘ ਜੀ ਤੇ ਬਾਬਾ ਬੁੱਢਾ ਸਿੰਘ ਨੂੰ ‘ਗੁਰੂ ਕੀ ਕਾਂਸ਼ੀ ਦਮਦਮਾ ਸਾਹਿਬ ਦੇ ਅਸਥਾਨ ਦੀ ਸੇਵਾ-ਸੰਭਾਲ ਅਤੇ ਗੁਰਬਾਣੀ ਪੜ੍ਹਨ-ਪੜ੍ਹਾਉਣ ਅਤੇ ਲਿਖਵਾਉਣ ਦੀ ਸੇਵਾ ਦੇ ਕੇ ਗਏ ਸਨ। ਬਾਬਾ ਦੀਪ ਸਿੰਘ ਜੀ ਨੇ ਇਹ ਸੇਵਾ ਬਹੁਤ ਸ਼ਰਧਾ ਤੇ ਪ੍ਰੇਮ ਸਹਿਤ ਨਿਭਾਈ ਸੀ। ਦਮਦਮਾ ਸਾਹਿਬ ਵਿਖੇ ਸੇਵਾ-ਸੰਭਾਲ ਕਰਦਿਆਂ ਬਾਬਾ ਦੀਪ ਸਿੰਘ ਜੀ ਨੇ ਇੱਕ ਖੂਹ ਖੁਦਵਾਇਆ, ਜੋ ਤਖ਼ਤ ਸਾਹਿਬ ਦੀ ਪ੍ਰਕਰਮਾ ਵਿੱਚ ਹੈ, ਜੋ ਸ਼ਹੀਦਾਂ ਦੇ ਖੂਹ ਨਾਲ ਜਾਣਿਆ ਜਾਂਦਾ ਹੈ। ਜਥੇਦਾਰ ਬੁੱਢਾ ਸਿੰਘ ਜੀ ਨੇ ਬੇਰੀਆਂ ਦੇ ਦਰੱਖ਼ਤ ਲਗਵਾਏ ਸਨ।
ਨੰਦੇੜ ਵਿੱਚ ਜਦੋਂ ਗੁਰੂ ਗੋਬਿੰਦ ਜੀ ਨੇ ਮਾਧੋ ਦਾਸ ਨੂੰ ਬੰਦਾ ਬਹਾਦਰ ਦਾ ਖਿਤਾਬ ਬਖਸ਼ ਕੇ 1708 ਈ. ਵਿੱਚ ਪੰਜਾਬ ਭੇਜਿਆ, ਤਾਂ ਸਿੱਖੀ ਦੀ ਸ਼ਾਨ ਹੋਰ ਵਧਾਉਣ ਲਈ ਬਾਬਾ ਦੀਪ ਸਿੰਘ ਜੀ ਵੀ ਮੈਦਾਨ ਵਿੱਚ ਕੁੱਦ ਪਏ ਤੇ ਬਾਬਾ ਬੰਦਾ ਬਹਾਦਰ ਦੇ ਮੁਗਲ ਹਕੂਮਤ ਖਿਲਾਫ਼ ਹਰ ਯੁੱਧ ਵਿੱਚ ਸਾਥ ਦਿੱਤਾ। ਇਹ ਮੈਦਾਨ-ਏ-ਜੰਗ ਵਿੱਚ ਸਭ ਤੋਂ ਅੱਗੇ ਹੋ ਕੇ ਲੜੇ ਜਿਸ ਨਾਲ ਵਿਰੋਧੀਆਂ ਵਿਚ ਬਾਬਾ ਜੀ ਦਾ ਇੰਨਾ ਦਬਦਬਾ ਸੀ ਕਿ ਬਾਬਾ ਦੀਪ ਸਿੰਘ ਜੀ ਦਾ ਨਾਂ ਸੁਣ ਕੇ ਹੀ ਮੈਦਾਨ ਵਿੱਚੋਂ ਫੌਜ ਤਿੱਤਰ-ਬਿੱਤਰ ਹੋ ਜਾਂਦੀ ਸੀ। ਇਨ੍ਹਾਂ ਦੇ ਜਥੇ ਦਾ ਨਾਂਅ ਸ਼ਹੀਦੀ ਜਥਾ ਪ੍ਰਸਿੱਧ ਹੋ ਗਿਆ ਸੀ। ਅਖੀਰ ਸਰਹੰਦ ਨੂੰ ਫਤਹਿ ਕਰ ਕੇ ਜਿੱਤ ਦਾ ਪਰਚਮ ਸਰਹੰਦ ਦੇ ਕਿਲ੍ਹੇ ਉੱਤੇ ਜਾ ਕੇ ਲਹਿਰਾਇਆ ਗਿਆ।
18 ਵੀਂ ਸਦੀ ਵਿੱਚ ਸਮੁੱਚਾ ਖਾਲਸਾ ਪੰਥ ਜੰਗਲਾਂ ਤੇ ਪਹਾੜਾਂ ਵਿੱਚੋਂ ਬਾਹਰ ਆ ਕੇ ਇੱਕ ਸੰਗਠਿਤ ਰੂਪ ਵਿੱਚ ਇਕੱਤਰ ਹੋਇਆ। ਖਾਲਸਾ ਪੰਥ ਦੀਆਂ ਸਮੁੱਚੀਆਂ ਜਥੇਬੰਦੀਆਂ ਨੂੰ ਇਕੱਤਰ ਕਰ ਕੇ 12 ਮਿਸਲਾਂ ਅੰਦਰ ਵੰਡਿਆ ਗਿਆ, ਜਿਸ ਦੇ 12 ਮੁੱਖ ਜਥੇਦਾਰ ਬਣਾਏ ਗਏ। ਇਨ੍ਹਾਂ ਮਿਸਲਾਂ ਵਿੱਚੋਂ ਇੱਕ ਮਿਸਲ ਦਾ ਨਾਂ ਸੀ ‘ਸ਼ਹੀਦ ਮਿਸਲ’ ਜਿਸ ਦੇ ਬਾਬਾ ਦੀਪ ਸਿੰਘ ਜੀ ਮੁੱਖ ਜਥੇਦਾਰ ਸਨ। ਇਸ ਸਦੀ ਅੰਦਰ ਭਾਰਤ ਨੂੰ ਨਾਦਰਸ਼ਾਹ ਤੇ ਅਹਿਮਦਸ਼ਾਹ ਵਰਗੇ ਧਾੜਵੀਆਂ ਤੇ ਵਿਦੇਸ਼ੀ ਹਮਲਾਵਾਰਾਂ ਨੇ ਖ਼ੂਬ ਲੁੱਟਿਆ ਤੇ ਇਥੋਂ ਦੇ ਧੰਨ ਦੋਲਤ ਸਮੇਤ ਜਵਾਨ ਬੱਚੇ ਬੱਚੀਆਂ ਨੂੰ ਗੁਲਾਮ ਬਣਾ ਕੇ ਗਜਨੀ ਦੇ ਬਾਜ਼ਾਰਾਂ ਵਿਚ ਟਕੇ ਟਕੇ ਤੋਂ ਵੇਚਿਆ। ਬਹੂ-ਬੇਟੀਆਂ ਦੀ ਇੱਜ਼ਤ ਨੂੰ ਸਰੇਆਮ ਮਿੱਟੀ ਵਿੱਚ ਰੋਲ੍ਹਿਆ ਗਿਆ। ਇਸ ਸਮੇਂ ਮਿਸਲਾਂ ਬਣ ਚੁਕੀਆਂ ਸੀ, ਜਿਨ੍ਹਾਂ ਨੇ ਇਕ ਜੁੱਟ ਹੋ ਕੇ ਇਨ੍ਹਾਂ ਅਫ਼ਗਾਨ ਧਾੜਵੀਆਂ ਦਾ ਮੁਕਾਬਲਾ ਕੀਤਾ। ਇਨ੍ਹਾਂ ਉੱਤੇ ਹਮਲਾ ਕਰਕੇ ਲੁੱਟਿਆ ਬਹੁ-ਕੀਮਤੀ ਮਾਲ-ਅਸਬਾਬ ਵਾਪਿਸ ਆ ਜਾਂਦਾ ਤੇ ਸਿੱਖ ਇਥੋਂ ਦੀਆਂ ਧੀਆਂ ਭੈਣਾਂ ਨੂੰ ਧਾੜਵੀਆਂ ਹਥੋਂ ਖੋਹ ਕੇ ਬ-ਇਜ਼ਤ ਉਨ੍ਹਾਂ ਦੇ ਘਰੋ-ਘਰੀਂ ਪਹੁੰਚਾਉਂਦੇ ਸਨ। ਇਨ੍ਹਾਂ ਸੂਰਬੀਰਾਂ ਵਿੱਚ ਵੀ ਬਾਬਾ ਦੀਪ ਸਿੰਘ ਜੀ ਸਨ।
ਅਹਿਮਦ ਸ਼ਾਹ ਦੁਰਾਨੀ ਜੋ ਸਿੱਖਾਂ ਦੇ ਸਖ਼ਤ ਵਿਰੁੱਧ ਸੀ ਅਤੇ ਸਿੱਖਾਂ ਨੂੰ ਖ਼ਤਮ ਕਰਨ ਉਂਤੇ ਤੁਲਿਆ ਹੋਇਆ ਸੀ, 1757 ਈ. ਦੇ ਹਿੰਦੁਸਤਾਨ ਦੇ ਹਮਲੇ ਵੇਲ੍ਹੇ ਦਿੱਲੀ ਜਾਂਦਾ ਹੋਇਆ, ਕੁਝ ਦੇਰ ਲਈ ਲਾਹੋਰ ਠਹਿਰਿਆ। ਉਸ ਨੇ ਅੰਮ੍ਰਿਤਸਰ ਸ਼ਹਿਰ ਨੂੰ ਲੁੱਟਿਆ ਅਤੇ ਸ਼ਹਿਰ ਦੀਆਂ ਇਮਾਰਤਾਂ ਨੂੰ ਢਾਹਿਆ। ਲਾਹੋਰ ਦੇ ਸੂਬੇ ਨੇ ਵੀ ਜਹਾਨ ਖਾਨ ਦੀ ਅਗਵਾਈ ਹੇਠ ਤਰਨਤਾਰਨ ਤੋ 10 ਮੀਲ ਦੀ ਦੂਰੀ ‘ਤੇ ਗੋਹਲਵੜ੍ਹ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਦੋਨੋ ਦਲਾਂ ਦਾ ਟਾਕਰਾ ਹੋਇਆ ਅਤੇ ਜਹਾਨ ਖਾਨ ਮਾਰਿਆ ਗਿਆ। ਸ਼ਾਹੀ ਫੌਜ ਵਿਚ ਭਾਜੜ ਪੈ ਗਈ। ਇੰਨੇ ਚਿਰ ਨੂੰ ਹਾਜੀ ਹਤਾਈ ਖਾਨ ਵੀ ਫੌਜਾਂ ਲੈ ਕੇ ਪਹੁੰਚ ਗਿਆ। ਫਿਰ ਘਮਸਾਨ ਦਾ ਯੁੱਧ ਹੋਇਆ। ਇਸ ਜੰਗ ਅੰਦਰ ਸਿੱਖਾਂ ਦਾ ਜਾਨੀ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਸਿੰਘ ਇਕ-ਇਕ ਕਰਕੇ ਸ਼ਹੀਦ ਹੋਣ ਲੱਗੇ। ਇਸ ਯੁੱਧ ਵਿੱਚ ਹੌਲੀ-ਹੌਲੀ ਸਿੰਘ ਅਫ਼ਗਾਨਾਂ ਨੂੰ ਧੱਕਦੇ-ਧੱਕਦੇ ਅੰਮ੍ਰਿਤਸਰ ਸ਼ਹਿਰ ਦੇ ਬਾਹਰਵਾਰ ਚਾਟੀਵਿੰਡ ਦਰਵਾਜੇ ਦੇ ਨੇੜੇ ਗੁਰਦੁਆਰਾ ਰਾਮਸਰ ਸਾਹਿਬ ਦੇ ਨੇੜੇ ਪੁੱਜ ਗਏ।
ਬਾਬਾ ਦੀਪ ਸਿੰਘ ਜੀ 8 ਸੇਰ ਕੱਚੇ ਦਾ ਦੋ-ਧਾਰਾ ਖੰਡਾ ਖੜਕਾਉਂਦੇ ਵੈਰੀਆਂ ਨੂੰ ਢੇਰੀ ਕਰਦੇ ਹੋਏ ਅੱਗੇ ਵਧਦੇ ਗਏ। ਲੜਦੇ ਲੜਦੇ ਸਿੰਘ ਅੰਮ੍ਰਿਤਸਰ ਦੇ ਨੇੜੇ ਪਹੁੰਚ ਗਏ। ਜਮਾਲ ਖਾਨ ਨਾਲ ਹਥੋਂ-ਹਥੀਂ ਲੜਾਈ ਵਿੱਚ ਬਾਬਾ ਦੀਪ ਸਿੰਘ ਜੀ ਦਾ ਸੀਸ ਕੱਟਿਆ ਗਿਆ ਸੀ। ਜਦੋਂ ਡਿੱਗਣ ਲੱਗੇ ਤਾਂ ਇਕ ਸਿੰਘ ਨੇ ਬੜੇ ਪਿਆਰ ਨਾਲ ਕਿਹਾ ” ਬਾਬਾ ਜੀ ਤੁਸੀਂ ਤਾਂ ਅਰਦਾਸ ਕੀਤੀ ਸੀ ਕੀ ਸ੍ਰੀ ਦਰਬਾਰ ਸਹਿਬ ਜਾ ਕੇ ਸ਼ਹੀਦੀ ਪ੍ਰਾਪਤ ਕਰਾਂਗੇ ਪਰ ਆਪ ਉਰੇ ਹੀ ਫਤਹਿ ਬੁਲਾ ਚੱਲੇ ਹੋ। ਫਿਰ ਹਿੰਮਤ ਕਰਦੇ ਹੋਏ ਬਾਬਾ ਦੀਪ ਸਿੰਘ ਜੀ ਨੇ ਖੱਬੇ ਹੱਥ ਉਤੇ ਸੀਸ ਟਿਕਾ ਕੇ ਸੱਜੇ ਹੱਥ ਨਾਲ ਖੰਡਾ ਖੜਕਾਉਂਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਪਹੁੰਚੇ ਅਤੇ ਗੁਰੂ ਸਾਹਿਬ ਦੇ ਚਰਨਾਂ ਵਿਚ ਆਪਣਾ ਸੀਸ ਭੇਟ ਕਰ ਕੇ ਸ਼ਹੀਦੀ ਪ੍ਰਾਪਤ ਕੀਤੀ।