ਖ਼ਬਰਿਸਤਾਨ ਨੈੱਟਵਰਕ: ਉੱਤਰ ਪ੍ਰਦੇਸ਼ ਦੇ ਵ੍ਰਿੰਦਾਵਨ ਵਿੱਚ ਹੋਏ ਭਿਆਨਕ ਕਿਸ਼ਤੀ ਹਾਦਸੇ ਵਿੱਚ ਹੁਣ ਤੱਕ 13 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ, ਜਦਕਿ 3 ਲੋਕ ਅਜੇ ਵੀ ਲਾਪਤਾ ਹਨ। ਹੁਣ ਤੱਕ 22 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਐਤਵਾਰ ਨੂੰ ਤੀਜੇ ਦਿਨ ਵੀ ਰੈਸਕਿਊ ਆਪ੍ਰੇਸ਼ਨ ਜਾਰੀ ਹੈ, ਜਿਸ ਵਿੱਚ ਸੈਨਾ, NDRF ਅਤੇ SDRF ਸਮੇਤ ਕਰੀਬ 250 ਲੋਕਾਂ ਦੀ ਟੀਮ ਸਰਚ ਆਪ੍ਰੇਸ਼ਨ ਵਿੱਚ ਜੁਟੀ ਹੋਈ ਹੈ। ਭਾਲ ਦਾ ਘੇਰਾ 14 ਕਿਲੋਮੀਟਰ ਤੋਂ ਵਧਾ ਕੇ 20 ਕਿਲੋਮੀਟਰ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਰਹਿਣ ਵਾਲੇ ਸਨ ਦੋਵੇਂ ਮ੍ਰਿਤਕ
ਅੱਜ ਸਵੇਰੇ ਦੋ ਹੋਰ ਲਾਸ਼ਾਂ ਬਰਾਮਦ ਹੋਈਆਂ ਹਨ, ਜਿਨ੍ਹਾਂ ਦੀ ਪਛਾਣ ਪੰਜਾਬ ਦੇ ਡਿੰਕੀ ਅਤੇ ਰਿਸ਼ਭ ਸ਼ਰਮਾ ਵਜੋਂ ਹੋਈ ਹੈ। ਪ੍ਰਸ਼ਾਸਨ ਮੁਤਾਬਕ ਲਾਸ਼ਾਂ ਨਦੀ ਵਿੱਚ ਉੱਪਰ ਆਉਣ ਤੋਂ ਬਾਅਦ ਬਾਹਰ ਕੱਢੀਆਂ ਗਈਆਂ।
ਇਹ ਹਾਦਸਾ ਸ਼ੁੱਕਰਵਾਰ ਦੁਪਹਿਰ ਨੂੰ ਉਸ ਸਮੇਂ ਵਾਪਰਿਆ ਜਦੋਂ 38 ਸ਼ਰਧਾਲੂਆਂ ਨਾਲ ਭਰੀ ਕਿਸ਼ਤੀ ਯਮੁਨਾ ਨਦੀ ਵਿੱਚ ਪਲਟ ਗਈ। ਇਹ ਘਟਨਾ ਬਾਂਕੇ ਬਿਹਾਰੀ ਮੰਦਰ ਤੋਂ ਕਰੀਬ 2 ਕਿਲੋਮੀਟਰ ਦੂਰ ਕੇਸ਼ੀ ਘਾਟ ਦੇ ਕੋਲ ਵਾਪਰੀ। ਚਸ਼ਮਦੀਦਾਂ ਮੁਤਾਬਕ ਤੇਜ਼ ਹਵਾ ਕਾਰਨ ਕਿਸ਼ਤੀ ਡੋਲਣ ਲੱਗੀ ਅਤੇ ਕੰਟਰੋਲ ਗੁਆਉਣ ਤੋਂ ਬਾਅਦ ਪੁਲ ਨਾਲ ਟਕਰਾ ਕੇ ਡੁੱਬ ਗਈ।
ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਕਿਸ਼ਤੀ ਚਾਲਕ ਪੱਪੂ ਨਿਸ਼ਾਦ ਅਤੇ ਠੇਕੇਦਾਰ ਨਰਾਇਣ ਸ਼ਰਮਾ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਹਾਦਸੇ ਤੋਂ ਪਹਿਲਾਂ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਸ਼ਰਧਾਲੂ ਭਜਨ-ਕੀਰਤਨ ਕਰਦੇ ਅਤੇ “ਰਾਧੇ-ਰਾਧੇ” ਦੇ ਜੈਕਾਰੇ ਲਗਾਉਂਦੇ ਨਜ਼ਰ ਆ ਰਹੇ ਹਨ। ਇਸ ਹਾਦਸੇ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ।