ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੇ ਲਗਪਗ 9 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਹਨ। ਪਿਛਲੇ ਕਈ ਦਿਨਾਂ ਤੋਂ ਲਗਤਾਰ ਮੀਂਹ ਪੈਣ ਕਾਰਨ ਸੜਕਾਂ ਤੇ ਗਲੀਆਂ ‘ਚ ਪਾਣੀ ਭਰ ਗਿਆ ਹੈ। ਉੱਥੇ ਹੀ ਜਲੰਧਰ ‘ਚ ਬੀਤੀ ਰਾਤ ਲਗਾਤਾਰ ਮੀਂਹ ਪੈਣ ਕਾਰਨ ਸ਼ਹਿਰ ‘ਚ ਪਾਣੀ ਭਰ ਗਿਆ ਹੈ। ਮੀਂਹ ਕਾਰਨ ਡੀ ਸੀ ਦਫ਼ਤਰ ਦੇ ਆਸ-ਪਾਸ ਦੇ ਇਲਾਕਿਆਂ ‘ਚ ਵੀ ‘ਚ ਵੀ ਪਾਣੀ ਭਰ ਗਿਆ ਹੈ। ਜਿਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ।
ਸ਼ਹਿਰ ਦੇ ਕਈ ਥਾਂਵਾਂ ‘ਤੇ ਭਰਿਆ ਪਾਣੀ
ਪਿਛਲੇ 6 ਘੰਟੇ ਤੋਂ ਲਗਾਤਾਰ ਬਾਰਿਸ਼ ਹੋਣ ਨਾਲ ਸ਼ਹਿਰ ਦੀਆਂ ਕਈਆਂ ਥਾਵਾਂ ਉਤੇ ਪਾਣੀ ਇਕੱਠਾ ਹੋ ਗਿਆ ਹੈ । ਸ਼ਹਿਰ ਦੇ ਪਾਸ਼ ਇਲਾਕਿਆਂ, ਮਾਡਲ ਟਾਊਨ, ਸੈਂਟਰਲ ਟਾਊਨ, ਭਗਤ ਸਿੰਘ ਕਲੋਨੀ ਸਮੇਤ ਕਈ ਇਲਾਕਿਆਂ ਵਿੱਚ ਸਥਿਤੀ ਬਹੁਤ ਮਾੜੀ ਹੈ। ਮਾਡਲ ਟਾਊਨ ਦੇ ਕਈ ਵੱਡੇ ਸ਼ੋਅਰੂਮਾਂ ਦੇ ਬੇਸਮੈਂਟਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰ ਬਾਲਟੀਆਂ ਨਾਲ ਪਾਣੀ ਕੱਢ ਰਹੇ ਹਨ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਵੇਰੇ ਸ਼ਹਿਰ ਦਾ ਦੌਰਾ ਕੀਤਾ ਅਤੇ ਡਰੇਨੇਜ ਸਿਸਟਮ ਦਾ ਨਿਰੀਖਣ ਕੀਤਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਲਗਾਤਾਰ ਬਾਰਿਸ਼ ਹੋਣ ਨਾਲ ਸ਼ਹਿਰ ਦੀਆਂ ਕੁਝ ਥਾਵਾਂ ਉਤੇ ਪਾਣੀ ਇਕੱਠਾ ਹੋ ਗਿਆ ਹੈ, ਜਿਸ ਦੀ ਨਿਕਾਸੀ ਜਲਦੀ ਯਕੀਨੀ ਬਣਾ ਲਈ ਜਾਵੇਗੀ।
ਹੈਲਪਲਾਈਨ ਨੰਬਰ ਕੀਤਾ ਜਾਰੀ
ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਨਾਲ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਥੋੜ੍ਹੇ ਹੀ ਸਮੇਂ ਵਿੱਚ ਸਥਿਤੀ ਆਮ ਵਾਂਗ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਸਮੱਸਿਆ ਹੈ ਜਾਂ ਕੋਈ ਐਮਰਜੈਂਸੀ ਹੈ ਤਾਂ ਕੰਟਰੋਲ ਰੂਮ ਦੇ ਹੈਲਪ ਲਾਈਨ ਨੰਬਰ 0181-2240064 ਉਤੇ ਫੋਨ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਤੁਰੰਤ ਆਪ ਦੀ ਮਦਦ ਲਈ ਪਹੁੰਚ ਜਾਣਗੀਆਂ।