ਖ਼ਬਰਿਸਤਾਨ ਨੈੱਟਵਰਕ: ਪੰਜਾਬ ‘ਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ| ਸੂਬੇ ‘ਚ ਸਵੇਰ ਤੋਂ ਹੀ ਤੇਜ਼ ਹਵਾਵਾਂ ਚੱਲ ਰਹੀਆਂ ਹਨ| ਇਸ ਦੇ ਨਾਲ ਹੀ ਕਈ ਜਿਲ੍ਹਿਆਂ ‘ਚ ਮੀਂਹ ਵੀ ਪਿਆ ਹੈ| ਸਵੇਰ ਤੋਂ ਹੀ ਸੂਬੇ ‘ਚ ਬਾਰਸ਼ ਦਾ ਮੌਸਮ ਬਣਿਆ ਹੋਇਆ ਹੈ| ਦੱਸ ਦੇਈਏ ਕਿ ਅੱਜ ਸੂਬੇ ਭਰ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਪਟਿਆਲਾ ਜ਼ਿਲ੍ਹੇ ਵਿੱਚ ਵੀ ਗੜੇਮਾਰੀ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਇਸ ਦੇ ਬਾਅਦ ਵੀ ਰਾਜ ਵਿੱਚ ਤਾਪਮਾਨ ਵਧਦਾ ਹੀ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਵਿੱਚ 0.7 ਡਿਗਰੀ ਦਾ ਵਾਧਾ ਹੋਇਆ ਹੈ।
ਰਾਜ ਦੇ ਕਈ ਇਲਾਕਿਆਂ ‘ਚ ਬਾਘਾ ਪੁਰਾਣਾ, ਫਰੀਦਕੋਟ, ਮੋਗਾ, ਫਿਰੋਜ਼ਪੁਰ, ਜ਼ੀਰਾ, ਸ਼ਾਹਕੋਟ, ਜਗਰਾਉਂ ‘ਚ ਬਿਜਲੀ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਹੈ। ਮਾਨਸਾ, ਸੁਨਾਮ, ਸੰਗਰੂਰ, ਬਰਨਾਲਾ, ਤਪਾ, ਧੂਰੀ, ਮਲੇਰਕੋਟਲਾ, ਤਲਵੰਡੀ ਸਾਬੋ, ਮਲੋਟ, ਬਠਿੰਡਾ, ਗਿੱਦੜਬਾਹਾ, ਰਾਮਪੁਰਾ ਫੂਲ, ਜੈਤੂ, ਸ੍ਰੀ ਮੁਕਤਸਰ ਸਾਹਿਬ, ਜਲਾਲਾਬਾਦ, ਪਾਇਲ ਅਤੇ ਲੁਧਿਆਣਾ ਦੇ ਖੇਤਰਾਂ ਵਿੱਚ ਵੀ ਖਰਾਬ ਮੌਸਮ ਅਤੇ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਗੜੇਮਾਰੀ ਤੇ ਤੇਜ਼ ਹਵਾਵਾਂ ਦਾ ਅਲਰਟ ਜਾਰੀ
ਪੰਜਾਬ ਵਿੱਚ ਅੱਜ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਇਸ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਫਿਰੋਜ਼ਪੁਰ, ਮੁਕਤਸਰ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਐਸਏਐਸ ਨਗਰ, ਰੂਪਨਗਰ, ਫਤਿਹਗੜ੍ਹ ਸਾਹਿਬ, ਨਵਾਂਸ਼ਹਿਰ, ਲੁਧਿਆਣਾ, ਮੋਗਾ, ਬਰਨਾਲਾ, ਮਾਨਸਾ, ਬਠਿੰਡਾ ਅਤੇ ਮੁਕਤਸਰ ਸਾਹਿਬ ਵਿੱਚ ਤੇਜ਼ ਹਵਾਵਾਂ ਚੱਲਣ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪਟਿਆਲਾ ਵਿੱਚ ਮੀਂਹ, ਤੇਜ਼ ਹਵਾਵਾਂ ਅਤੇ ਗੜੇਮਾਰੀ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਫਾਜ਼ਿਲਕਾ ਅਤੇ ਸੰਗਰੂਰ ਵਿੱਚ ਮੀਂਹ ਸਬੰਧੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।
ਇਨ੍ਹਾਂ ਜ਼ਿਲ੍ਹਿਆਂ ਦਾ ਤਾਪਮਾਨ
ਰਾਜ ਵਿੱਚ ਤਾਪਮਾਨ ਆਮ ਨਾਲੋਂ 6.2 ਡਿਗਰੀ ਸੈਲਸੀਅਸ ਵੱਧ ਹੈ, ਜੋ ਕਿ ਬਹੁਤ ਹੀ ਅਸਾਧਾਰਨ ਮੰਨਿਆ ਜਾਂਦਾ ਹੈ। ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ ਦਰਜ ਕੀਤਾ ਗਿਆ, ਜਿੱਥੇ ਪਾਰਾ 42.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਸੂਬੇ ਦੇ ਹੋਰ ਸ਼ਹਿਰਾਂ ਵਿੱਚ ਵੀ ਗਰਮੀ ਦੀਆਂ ਲਹਿਰਾਂ ਨੇ ਜ਼ੋਰ ਫੜਿਆ, ਪਟਿਆਲਾ ਵਿੱਚ ਤਾਪਮਾਨ 39.5 ਡਿਗਰੀ ਸੈਲਸੀਅਸ, ਫਿਰੋਜ਼ਪੁਰ ਵਿੱਚ 39.0 ਡਿਗਰੀ ਸੈਲਸੀਅਸ ਅਤੇ ਲੁਧਿਆਣਾ ਵਿੱਚ 38.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
UP-ਬਿਹਾਰ ‘ਚ ਬਿਜਲੀ-ਤੂਫਾਨ ਕਾਰਨ 73 ਮੌਤਾਂ
ਇੱਕ ਪਾਸੇ ਗਰਮੀ ਹੈ ਅਤੇ ਦੂਜੇ ਪਾਸੇ ਤੂਫਾਨ ਅਤੇ ਮੀਂਹ ਦਾ ਕਹਿਰ ਹੈ। 10 ਅਪ੍ਰੈਲ ਨੂੰ ਯੂਪੀ-ਬਿਹਾਰ ਵਿੱਚ ਤੂਫਾਨ ਕਾਰਨ 73 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ 59 ਮੌਤਾਂ ਬਿਹਾਰ ਵਿੱਚ ਅਤੇ 14 ਯੂਪੀ ਵਿੱਚ ਹੋਈਆਂ।
ਮੌਸਮ ਵਿਭਾਗ ਦੇ ਅਨੁਸਾਰ, ਸ਼ੁੱਕਰਵਾਰ ਨੂੰ ਵੀ ਜੰਮੂ-ਕਸ਼ਮੀਰ, ਉਤਰਾਖੰਡ, ਹਿਮਾਚਲ ਪ੍ਰਦੇਸ਼, ਬਿਹਾਰ, ਝਾਰਖੰਡ, ਓਡੀਸ਼ਾ, ਕੇਰਲ, ਤਾਮਿਲਨਾਡੂ, ਅਸਾਮ, ਮੇਘਾਲਿਆ ਵਿੱਚ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫ਼ਾਨੀ ਹਵਾਵਾਂ ਚੱਲ ਸਕਦੀਆਂ ਹਨ। ਬਿਜਲੀ ਡਿੱਗਣ ਦੀ ਚੇਤਾਵਨੀ ਵੀ ਹੈ। ਭਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਵੀਰਵਾਰ ਨੂੰ ਉਤਰਾਖੰਡ ਦੇ ਚਮੋਲੀ ਵਿੱਚ ਬੱਦਲ ਫਟ ਗਿਆ।