ਖਬਰਿਸਤਾਨ ਨੈੱਟਵਰਕ- ਸਿੱਖ ਇਤਿਹਾਸ ਲਈ ਪੋਹ ਦਾ ਮਹੀਨਾ ਬੜਾ ਵੈਰਾਗਮਈ ਤੇ ਮਹੱਤਵ ਰੱਖਦਾ ਹੈ। ਜਿਸ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਧਰਮ ਤੋਂ ਵਾਰ ਦਿੱਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹਾਦਤ ਨੂੰ ਪ੍ਰਣਾਮ ਕੀਤਾ।
CM ਮਾਨ ਨੇ ਕੀਤਾ ਟਵੀਟ
ਉਨ੍ਹਾਂ ਟਵੀਟ ਕਰਦੇ ਲਿਖਿਆ ਕਿ ਅੱਜ ੦੬ ਪੋਹ ਤੋਂ ਸਿੱਖ ਇਤਿਹਾਸ ਦਾ ਸ਼ਹੀਦੀ ਹਫ਼ਤਾ ਸ਼ੁਰੂ ਹੋਣ ਜਾ ਰਿਹਾ ਹੈ। ਅੱਜ ਦੇ ਦਿਨ ਹੀ ਸਰਬੰਸਦਾਨੀ, ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਸਮੇਤ ਸ੍ਰੀ ਅਨੰਦਗੜ੍ਹ ਸਾਹਿਬ ਦਾ ਕਿਲ੍ਹਾ ਛੱਡਿਆ ਸੀ। ਗੁਰੂ ਸਾਹਿਬ ਕੋਲ ਮੁਗ਼ਲ ਅਤੇ ਪਹਾੜੀ ਰਾਜਿਆਂ ਦੀ ਫ਼ੌਜ ਦੇ ਵਜ਼ੀਰ ਨੇ ਆ ਕੇ ਬੇਨਤੀ ਕੀਤੀ ਕਿ ਉਹ ਅਨੰਦਗੜ੍ਹ ਛੱਡ ਕੇ ਚਲੇ ਜਾਣ ਅਤੇ ਸਹੁੰ ਖਾਧੀ ਕਿ ਗੁਰੂ ਸਾਹਿਬ ਫ਼ੌਜਾਂ ਸਮੇਤ ਕਿਲ੍ਹਾ ਛੱਡ ਦੇਣ ਤੇ ਉਹ ਕਿਸੇ ਨੂੰ ਕੁੱਝ ਨਹੀਂ ਕਹਿਣਗੇ ਤੇ ਉਹਨਾਂ ਦੀ ਜੰਗ ਇੱਥੇ ਹੀ ਸਮਾਪਤ ਹੋ ਜਾਵੇਗੀ। ਗੁਰੂ ਸਾਹਿਬ ਜੀ ਨੂੰ ਉਹਨਾਂ ‘ਤੇ ਭਰੋਸਾ ਨਾ ਹੋਇਆ ਅਤੇ ਉਹਨਾਂ ਨੇ ਪਹਿਲਾਂ ਤਾਂ ਇਨਕਾਰ ਕਰ ਦਿੱਤਾ ਪਰ ਸਿੰਘਾਂ ਦੇ ਕਹਿਣ ‘ਤੇ ਗੁਰੂ ਜੀ ਨੇ ਪਰਿਵਾਰ ਸਮੇਤ ਕਿਲ੍ਹਾ ਛੱਡ ਦਿੱਤਾ।
ਸਫ਼ਰ ਏ ਸ਼ਹਾਦਤ
ਸਿੱਖ ਇਤਿਹਾਸ ਦਾ ਸ਼ਹੀਦੀ ਹਫਤਾ ਭਲਕੇ ਤੋਂ ਸ਼ੁਰੂ ਹੋਣ ਵਾਲਾ ਹੈ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਧਰਮ ਤੋਂ ਵਾਰ ਦਿੱਤਾ, ਆਓ ਉਨ੍ਹਾਂ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ
20 ਦਸੰਬਰ ਤੋਂ 28 ਦਸੰਬਰ ਤੱਕ ਚੱਲਣ ਵਾਲਾ ਸ਼ਹਾਦਤ ਦਾ ਸਫਰ
6 ਪੋਹ / 20 ਦਸੰਬਰ ਨੂੰ ਗੁਰੂ ਸਾਹਿਬ ਨੇ ਪਰਿਵਾਰ ਸਮੇਤ ਸਵੇਰੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਅਤੇ ਸਰਸਾ ਨਦੀ ਤੇ ਪਰਿਵਾਰ ਵਿਛੋੜਾ ਪਿਆ । ਇਸੇ ਦਿਨ ਰਾਤ ਗੁਰੂ ਜੀ ਅਤੇ ਵੱਡੇ ਸਾਹਿਬਜ਼ਾਦੇ ਕੋਟਲਾ ਨਿਹੰਗ ਰੋਪੜ ਵਿਖੇ ਨਿਹੰਗ ਖਾਂ ਕੋਲ ਰਹੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਕੁੰਮੇ ਮਾਸ਼ਕੀ ਦੀ ਝੁਗੀ ਵਿਚ ਰਹੇ।
7 ਪੋਹ / 21 ਦਸੰਬਰ : ਗੁਰੂ ਸਾਹਿਬ ਅਤੇ ਵਡੇ ਸਾਹਿਬਜ਼ਾਦੇ ਸ਼ਾਮ ਤੱਕ ਚਮਕੌਰ ਸਾਹਿਬ ਪਹੁੰਚੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਗੰਗੂ ਬ੍ਰਾਹਮਣ ਆਪਣੇ ਪਿੰਡ ਖੇੜੀ ਲੈ ਗਿਆ।
8 ਪੋਹ / 22 ਦਸੰਬਰ : ਚਮਕੋਰ ਗੜੀ ਦੀ ਜੰਗ ਸ਼ੁਰੂ ਹੋਈ ਬਾਬਾ ਅਜੀਤ ਸਿੰਘ ਜੀ ਉਮਰ 17 ਸਾਲ ਭਾਈ ਮੋਹਕਮ ਸਿੰਘ ( ਪੰਜਾ ਪਿਆਰਿਆਂ ਵਿਚੋਂ ) ਅਤੇ 7 ਹੋਰ ਸਿੰਘਾ ਨਾਲ ਸ਼ਹੀਦ ਹੋਏ ਬਾਬਾ ਜੁਝਾਰ ਸਿੰਘ ਉਮਰ 14 ਸਾਲ ਭਾਈ ਹਿੰਮਤ ਸਿੰਘ ਅਤੇ ਭਾਈ ਸਾਹਿਬ ਸਿੰਘ ( ਪੰਜਾ ਪਿਆਰਿਆਂ ਵਾਲੇ ) ਅਤੇ ਤਿੰਨ ਹੋਰ ਸਿੰਘਾਂ ਸਮੇਤ ਸ਼ਹੀਦ ਹੋਏ
ਇਸੇ ਦਿਨ ਮੋਰਿੰਡੇ ਦੇ ਚੋਧਰੀ ਗਨੀ ਖਾਨ ਅਤੇ ਮਨੀ ਖਾਨ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਦੇ ਘਰੋਂ ਗ੍ਰਿਫਤਾਰ ਕਰਕੇ ਤੁਰ ਪਏ
9 ਪੋਹ / 23 ਦਿਸੰਬਰ ਨੂੰ ਰਾਤ ਰਹਿੰਦੀ ਤੜਕ ਸਾਰ ਗੁਰੂ ਸਾਹਿਬ ਸਿੰਘਾ ਦੇ ਹੁਕਮ ਅੰਦਰ ਚਮਕੋਰ ਦੀ ਗੜੀ ਵਿਚੋਂ ਬਾਹਰ ਆ ਗਏ
ਇਸੇ ਰਾਤ ਦਸ਼ਮੇਸ਼ ਜੀ ਨੇ ਮਾਛੀਵਾੜੇ ਦੇ ਜੰਗਲ ਵਿੱਚ ਅਤੇ ਦਾਦੀ ਸਮੇਤ ਸਾਹਿਬਜ਼ਾਦਿਆਂ ਨੇ ਸਰਹਿੰਦ ਦੇ ਠੰਡੇ ਬੁਰਜ ਵਿਚ ਗੁਜਾਰੀ
10 ਪੋਹ /24 ਦਿਸੰਬਰ : ਬੀਬੀ ਹਰਿਸ਼ਰਨ ਕੌਰ ਨੇ ਚਮਕੌਰ ਦੀ ਗੜ੍ਹੀ ਵਿਚ ਵੱਡੇ ਸਾਹਿਬਜ਼ਾਦੇ ਅਤੇ ਸ਼ਹੀਦ ਹੋਏ ਸਿੰਘਾਂ ਦਾ ਸੰਸਕਾਰ ਕੀਤਾ
11 ਅਤੇ 12 ਪੋਹ / 25 ਅਤੇ 26 ਦਸੰਬਰ ਨੂੰ ਦੋ ਦਿਨ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਸੂਬੇ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ ਅਤੇ ਪਿਤਾ ਦਸ਼ਮੇਸ਼ ਜੀ ਉੱਚ ਦੇ ਪੀਰ ਬਣ ਪਿੰਡ ਆਲਮਗੀਰ ਤੱਕ ਸਫਰ ਵਿੱਚ ਰਹੇ
13 ਪੋਹ / 27 ਦਸੰਬਰ. : ਬਾਬਾ ਜ਼ੋਰਾਵਰ ਸਿੰਘ ਉਮਰ 9 ਸਾਲ ਅਤੇ ਬਾਬਾ ਫਤਿਹ ਸਿੰਘ ਉਮਰ 7 ਸਾਲ ਸੀ, ਦੋਵੇਂ ਸਾਹਿਬਜ਼ਾਦਿਆਂ ਨੂੰ ਸਰਹਿੰਦ ਵਿਚ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਸੀ।
ਮਾਤਾ ਗੁਜਰ ਕੌਰ ਜੀ ਠੰਢੇ ਬੁਰਜ ਵਿੱਚ ਸਵਾਸ ਤਿਆਗ ਗਏ ।
14 ਪੋਹ ./ 28 ਦਸੰਬਰ ਨੂੰ ਛੋਟੇ ਸਾਹਬਿਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦਾ ਦੇਹ ਸੰਸਕਾਰ ਸਤਿਕਾਰ ਯੋਗ ਮੋਤੀ ਰਾਮ ਮਹਿਰਾ ਅਤੇ ਟੋਡਰ ਮੱਲ ਵਲੋਂ ਕੀਤਾ ਗਿਆ।