ਸਾਡਾ ਨਾਟ ਘਰ ਦੇ 184ਵੇਂ ਪ੍ਰੋਗਰਾਮ ‘ਚ ਸੰਗੀਤਮਈ ਜਾਦੂ ਛਾਇਆ ਰਿਹਾ | ਜਿਸ ਵਿਚ ਹਰ ਗਾਇਕ ਦੀ ਪ੍ਰੇਰਨਾ , ਸੁਰਾਂ ਦੇ ਸਾਗਰ , ਸਦਾ ਬਹਾਰ ਗਾਇਕ ਮੁਹੰਮਦ ਰਫੀ ਜੀ ਦਾ 100 ਵਾਂ ਜਨਮਦਿਨ ਬਹੁਤ ਹੀ ਧੂਮਧਾਮ ਤਰੀਕੇ ਨਾਲ ਮਨਾਇਆ ਗਿਆ ।
ਪ੍ਰੋਗਰਾਮ ਵਿਚ ਅਰਵਿੰਦਰ ਸਿੰਘ ਭੱਟੀ ਮੁੱਖ ਮਹਿਮਾਨ ਵਜੋਂ ਪਹੁੰਚੇ | ਉਹਨਾਂ ਦੇ ਧਰਮਪਤਨੀ ਰੂਬੀ ਭੱਟੀ ਅਤੇ ਐਂਕਰ ਅਤੇ ਐਕਟ੍ਰੈਸ ਮੈਡਮ ਰੀਵਾ ਦਰਿਆ ਨੇ ਵੀ ਸ਼ਿਰਕਤ ਕੀਤੀ । ਨਾਟਕ “ਫੀਕੋ” ਪ੍ਰੋਗਰਾਮ ਦਾ ਮੁੱਖ ਆਕਰਸ਼ਣ ਬਣਿਆ | ਜੋ ਕਿ ਦਲਜੀਤ ਸਿੰਘ ਸੋਨਾ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ । ਇਸ ਨਾਟਕ ਵਿਚ ਮੁਹੰਮਦ ਰਫੀ ਦੀ ਪੂਰੀ ਜ਼ਿੰਦਗੀ ਦਾ ਵੇਰਵਾ ਦੇਖਿਆ ਜਾ ਸਕਦਾ ਹੈ । ਬਚਪਨ ਤੋਂ ਲੈਕੇ ਆਖ਼ਿਰੀ ਪਲਾਂ ਤੱਕ ਦਾ ਸਫ਼ਰ ਇਸ ਨਾਟਕ ਵਿਚ ਐਸੇ ਸੁਚੱਜੇ ਢੰਗ ਨਾਲ ਦਿਖਾਇਆ ਗਿਆ ਹੈ ਕਿ ਪੇਸ਼ਕਾਰੀ ਦੌਰਾਨ ਸਭ ਦੀਆਂ ਅੱਖਾਂ ਬਸ ਸਟੇਜ ਤੇ ਹੀ ਟਿੱਕੀਆਂ ਰਹੀਆਂ ।
ਮੁੱਖ ਮਹਿਮਾਨ ਨੇ ਨਾਟਕ ਦੀ ਕੀਤੀ ਪ੍ਰਸੰਸਾ
ਭਾਰੀ ਠੰਡ ਦੇ ਬਾਵਜੂਦ ਵੀ ਦਰਸ਼ਕ ਬੜੇ ਉਤਸ਼ਾਹ ਨਾਲ ਕੁਰਸੀਆਂ ਤੇ ਬੈਠੇ ਰਹੇ । ਨਾਟਕ ਤੋਂ ਬਾਅਦ ਮੁੱਖ ਮਹਿਮਾਨ ਅਰਵਿੰਦਰ ਭੱਟੀ ਦਾ ਕਹਿਣਾ ਸੀ ਕਿ ਉਹਨਾਂ ਨੇ ਅੱਜ ਤੱਕ ਬਹੁਤ ਪੇਸ਼ਕਾਰੀਆਂ ਦੇਖੀਆਂ ਨੇ ਪਰ ਐਸੀ ਨਿਰਦੇਸ਼ਨਾ ਵਾਲਾ ਨਾਟਕ ਕਦੀ ਨਹੀਂ ਦੇਖਿਆ । ਨਾਟਕ ਦੀ ਪੇਸ਼ਕਾਰੀ ਤੋਂ ਬਾਅਦ ਹਰ ਕੋਈ ਅਚੰਭਿਤ ਸੀ ।
ਇਸ ਨਾਟਕ ਵਿਚ ਦਲਜੀਤ ਸੋਨਾ , ਮਨਿੰਦਰ ਸਿੰਘ , ਸ਼ਰਨਜੀਤ ਸਿੰਘ , ਸੁਰਿੰਦਰ ਸਿੰਘ , ਯੁਵਰਾਜ ਸਿੰਘ , ਹਰਮਨਪ੍ਰੀਤ ਸਿੰਘ , ਪਰਮਜੀਤ ਸਿੰਘ , ਫਕੀਰਚੰਦ , ਰਾਹੁਲ , ਅਨਮੋਲਪ੍ਰੀਤ ਕੌਰ , ਗੁਰਵਿੰਦਰ ਕੌਰ , ਪ੍ਰਭਜੋਤ ਕੌਰ , ਮਨਪ੍ਰੀਤ ਕੌਰ , ਜਸਲੀਨ ਕੌਰ , ਆਸਲੀਨ ਕੌਰ , ਅਰਸ਼ਦੀਪ ਕੌਰ , ਜੈਸਮੀਨ ਕੌਰ ਅਤੇ ਹਰਸ਼ਦੀਪ ਸਿੰਘ ਨੇ ਰਫੀ ਜੀ ਦੀ ਜ਼ਿੰਦਗੀ ਵਿਚਲੇ ਰਿਸ਼ਤਿਆਂ ਨੂੰ ਆਪਣੇ ਕਿਰਦਾਰਾਂ ਰਾਹੀਂ ਦਰਸਾਇਆ ।
ਪ੍ਰੋਗਰਾਮ ਵਿਚ ਰਫੀ ਜੀ ਦੇ ਕਰੋਕੇ ਵੀ ਗਾਏ ਗਏ ਜਿਸ ਵਿਚ ਗਾਇਕ ਰਾਕੇਸ਼ ਭੂਸ਼ਣ , ਅਨਿਲ , ਮਨਜੀਤ ਇੰਦਰ ਸਿੰਘ , ਸੁਰਿੰਦਰ ਨਾਗੀ , ਦਿਲਸ਼ੁਮਾਰ ਆਨੰਦ , ਵਿਜੇ ਅਰੋੜਾ , ਹਰਿੰਦਰ ਸਿੰਘ ਅਤੇ ਪਲਵਿੰਦਰ ਸਿੰਘ ਆਦਿ ਨੇ ਰਫੀ ਜੀ ਦੇ ਵੱਖ-ਵੱਖ ਗੀਤਾਂ ਨੂੰ ਗਾਇਆ । ਪ੍ਰੋਗਰਾਮ ਦੇ ਆਖਰ ‘ਚ ਸਭ ਪ੍ਰਤੀਯੋਗੀਆਂ ਨੂੰ ਸਨਮਾਨਿਆਂ ਗਿਆ ਤੇ ਦਰਸ਼ਕਾਂ ਨੂੰ ਰਫੀ ਜੀ ਦਾ ਪਸੰਦੀਦਾ ਭਜੀਆ ਖਵਾਇਆ ਗਿਆ । ਇਸ ਤਰ੍ਹਾਂ ਸੰਗੀਤਮਈ ਰੌਣਕਾਂ ਨਾਲ ਸਾਡਾ ਨਾਟ ਘਰ ਦਾ ਇਹ ਪ੍ਰੋਗਰਾਮ ਵੀ ਬੇਹੱਦ ਸਫਲ ਹੋ ਨਿਬੜਿਆ ।