ਖਬਰਿਸਤਾਨ ਨੈਂੱਟਵਰਕ ਨੂਰਪੁਰ ਬੇਦੀ- ਆਲ ਪੰਜਾਬ ਬੇਰੁਜ਼ਗਾਰ ਡੀ ਪੀ ਈ ਯੂਨੀਆਨ ਪੰਜਾਬ ਦੇ ਪ੍ਰਧਾਨ ਜਗਸੀਰ ਸਿੰਘ ਤੇ ਉਪ ਪ੍ਰਧਾਨ ਰਮਨਪ੍ਰੀਤ ਸਿੰਘ ਬੈਂਸ ਨੇ ਸਰੀਰਕ ਸਿੱਖਿਆ ਵਿਸ਼ੇ ਦੇ ਲਏ ਜਾ ਰਹੇ ਅਧਿਆਪਕ ਯੋਗਤਾ ਟੈਸਟ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇਸ ਦੌਰਾਨ ਉਨਾ ਕਿਹਾ ਕਿ ਪੰਜਾਬ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵਲੋਂ 17 ਫਰਵਰੀ ਨੂੰ ਦਿੱਤੇ ਇਸ਼ਤਿਹਾਰ ਵਿੱਚ ਵੱਖ-ਵੱਖ ਵਿਸ਼ਿਆਂ ਦੇ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (ਪੀ.ਐਸ.ਟੀ. ਈ.ਟੀ.) ਮਿਤੀ 18 ਫਰਵਰੀ ਤੋਂ ਆਨਲਾਇਨ ਕਰਵਾਇਆ ਜਾ ਰਿਹਾ ਹੈ ਜਦੋਂ ਕਿ ਸਰੀਰਕ ਸਿੱਖਿਆ ਵਿਸ਼ੇ ਦੀ ਅਧਿਆਪਕ ਯੋਗਤਾ ਪ੍ਰੀਖਿਆ ਨਾ ਲੈਣ ਸਬੰਧੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀ ਆਪਣੇ ਹੁਕਮ ਜਾਰੀ ਕੀਤੇ ਹੋਏ ਹਨ ਪਰ ਪੰਜਾਬ ਸਰਕਾਰ ਇਸ ਨੂੰ ਅੱਖੋਂ-ਪਰੋਖੇ ਕਰ ਰਹੀ ਹੈ।
ਪੰਜਾਬ ਸਰਕਾਰ ਸਰੀਰਕ ਸਿੱਖਿਆ ਅਧਿਆਪਕਾਂ ਨਾਲ ਸ਼ਰੇਆਮ ਧੱਕੇਸ਼ਾਹੀ ਕਰ ਰਹੀ ਹੈ। ਪੰਜਾਬ ਵਿੱਚ 2006 ਤੋਂ ਬਾਅਦ ਸਰੀਰਕ ਸਿੱਖਿਆ ਅਧਿਆਪਕਾਂ ਦੀਆਂ ਅਸਾਮੀਆਂ ਨਾਮਾਤਰ ਹੀ ਭਰੀਆਂ ਗਈਆਂ ਹਨ। ਪੰਜਾਬ ਸਰਕਾਰ ਸਰੀਰਕ ਸਿੱਖਿਆ ਵਿਸ਼ੇ ਦੇ ਉਮੀਦਵਾਰਾਂ ਨਾਲ ਕੋਜਾ ਮਜ਼ਾਕ ਕਰ ਰਹੀ ਹੈ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਟੈਸਟ ਲੈਣਾ ਹੋਵੇ ਤਾਂ ਘੱਟੋ ਘੱਟ ਤਿੰਨ ਮਹੀਨੇ ਪਹਿਲਾਂ ਉਸ ਵਿਸ਼ੇ ਦਾ ਸਿਲੈਬਸ ਜਾਰੀ ਕਰਨਾ ਹੁੰਦਾ ਹੈ ਤਾਂ ਜੋ ਟੈਸਟ ਦੇਣ ਵਾਲੇ ਪ੍ਰੀਖਿਆਰਥੀਆਂ ਨੂੰ ਤਿਆਰੀ ਕਰਨ ਦਾ ਮੌਕਾ ਮਿਲ ਸਕੇ ਪਰ ਇਸ ਟੈਸਟ ਲਈ ਅਪਲਾਈ ਕਰਨ ਦੀ ਮਿਤੀ 18 ਤੋਂ 22 ਫਰਵਰੀ ਰੱਖੀ ਗਈ ਹੈ ਅਤੇ ਟੈਸਟ ਮਿਤੀ 13 ਮਾਰਚ ਨੂੰ ਲਿਆ ਜਾਣਾ ਹੈ।
ਅਪਲਾਈ ਕਰਨ ਦੀ ਆਖਰੀ ਮਿਤੀ ਤੋਂ 12 ਦਿਨ ਹੀ ਤਿਆਰੀ ਲਈ ਦਿਤੇ ਹਨ। ਵਿਭਾਗ ਵੱਲੋਂ ਜਲਦਬਾਜੀ ਵਿਚ ਦਿੱਤਾ ਗਿਆ ਇਸ਼ਤਿਹਾਰ ਇਹ ਦਰਸਾਉਂਦਾ ਹੈ ਕਿ ਵਿਭਾਗ ਦੇ ਅਧਿਕਾਰੀ ਇਹਨਾਂ ਸਾਰੀਆਂ ਗੱਲਾਂ ਤੋਂ ਅਣਜਾਣ ਹਨ ਪਰ ਇਹ ਇਸ਼ਤਿਹਾਰ ਦੇਣ ਨਾਲ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪ੍ਰੀਖਿਆਰਥੀਆਂ ਦੇ ਭਵਿੱਖ ਨਾਲ ਬਹੁਤ ਵੱਡਾ ਖਿਲਵਾੜ ਕਰ ਰਹੀ ਹੈ, ਜਿਸ ਦੀ ਆਲ ਪੰਜਾਬ ਬੇਰੁਜ਼ਗਾਰ ਡੀ ਪੀ ਪੀ ਯੂਨੀਅਨ ਪੰਜਾਬ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ ਅਤੇ ਪੰਜਾਬ ਸਰਕਾਰ ਨੂੰ ਸਰੀਰਕ ਸਿੱਖਿਆ ਵਿਸ਼ੇ ਦਾ ਅਧਿਆਪਕ ਯੋਗਤਾ ਟੈਸਟ ਰੱਦ ਕਰਨ ਦੀ ਅਪੀਲ ਕਰਦੀ ਹੈ ਜੇਕਰ ਪੰਜਾਬ ਸਰਕਾਰ ਸਰੀਰਕ ਸਿੱਖਿਆ ਵਿਸ਼ੇ ਦਾ ਅਧਿਆਪਕ ਯੋਗਤਾ ਟੈਸਟ ਰੱਦ ਨਹੀਂ ਕਰਦੀ ਤਾਂ ਵੱਡਾ ਸੰਘਰਸ਼ ਕਰਨ ਤੋ ਗਰੇਜ ਨਹੀ ਕੀਤਾ ਜਾਵੇਗਾ ।
ਖਬਰਿਸਤਾਨ ਪੰਜਾਬੀ ਨਾਲ ਜੁੜਨ ਲਈ ਕਲਿੱਕ ਕਰੋ
ਖਬਰਿਸਤਾਨ ਪੰਜਾਬੀ ਦੇ ਟੈਲੀਗ੍ਰਾਮ ਗਰੁੱਪ ਨਾਲ ਜੁੜਨ ਲਈ ਕਲਿੱਕ ਕਰੋ