ਮੌਸਮ ਵਿਭਾਗ ਮੁਤਾਬਕ ਮਾਨਸੂਨ ਨੇ ਲਗਭਗ ਪੂਰੇ ਦੇਸ਼ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਜਿਸ ਕਾਰਨ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਦੇ ਨਾਲ ਹੀ ਆਸਾਮ 'ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਕਈ ਜ਼ਿਲਿਆਂ 'ਚ ਹੜ੍ਹ ਆ ਗਿਆ ਹੈ। ਇਸ ਨਾਲ 19 ਜ਼ਿਲ੍ਹਿਆਂ ਵਿੱਚ 6.44 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹਨ। ਹੜ੍ਹ 'ਚ ਹੁਣ ਤੱਕ 45 ਲੋਕਾਂ ਦੀ ਜਾਨ ਜਾ ਚੁੱਕੀ ਹੈ। ਆਸਾਮ ਵਿੱਚ 6 ਲੱਖ ਤੋਂ ਵੱਧ ਲੋਕ ਪ੍ਰਭਾਵਿਤ।
ਅਧਿਕਾਰਤ ਬਿਆਨ ਅਨੁਸਾਰ, ਘੱਟੋ-ਘੱਟ ਅੱਠ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ, ਜੋਰਹਾਟ ਜ਼ਿਲ੍ਹੇ ਦੇ ਨੇਮਾਤੀਘਾਟ ਵਿਖੇ ਬ੍ਰਹਮਪੁੱਤਰ ਨਦੀ ਆਪਣੇ ਸਭ ਤੋਂ ਉੱਚੇ ਹੜ੍ਹ ਦੇ ਪੱਧਰ ਨੂੰ ਪਾਰ ਕਰ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਹੜ੍ਹ ਦੇ ਪਾਣੀ ਨਾਲ 44 ਸੜਕਾਂ, ਇੱਕ ਪੁਲ ਅਤੇ ਛੇ ਡੈਮ ਨੁਕਸਾਨੇ ਗਏ ਹਨ। NDRF, SDRF, ਭਾਰਤੀ ਫੌਜ, ਭਾਰਤੀ ਹਵਾਈ ਸੈਨਾ ਅਤੇ ਸਥਾਨਕ ਪ੍ਰਸ਼ਾਸਨ ਸਮੇਤ ਕਈ ਏਜੰਸੀਆਂ ਬਚਾਅ ਕਾਰਜ 'ਚ ਲੱਗੀਆਂ ਹੋਈਆਂ ਹਨ।
ਗੁਜਰਾਤ ਦੇ ਜੂਨਾਗੜ੍ਹ ਵਿੱਚ ਸਕੂਲ ਅਤੇ ਕਾਲਜ ਬੰਦ
ਮਿਜ਼ੋਰਮ ਦੇ ਐਜ਼ੌਲ ਵਿੱਚ ਮੰਗਲਵਾਰ ਨੂੰ ਜ਼ਮੀਨ ਖਿਸਕਣ ਕਾਰਨ ਚਾਰ ਸਾਲ ਦੀ ਬੱਚੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਸਾਰੇ ਲੋਕ ਘਰ ਵਿੱਚ ਸੋ ਰਹੇ ਸਨ ਉਦੋਂ ਹੀ ਜ਼ਮੀਨ ਖਿਸਕਣ ਕਾਰਨ ਟੀਨ ਦੀ ਛੱਤ ਵਾਲੀ ਇਮਾਰਤ ਢਹਿ ਗਈ। ਗੁਜਰਾਤ 'ਚ ਪਿਛਲੇ 24 ਘੰਟਿਆਂ ਦੌਰਾਨ ਹੋਈ ਬਾਰਿਸ਼ ਕਾਰਨ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਜੂਨਾਗੜ੍ਹ ਵਿੱਚ ਪਾਣੀ ਭਰ ਜਾਣ ਕਾਰਨ ਸਾਰੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਦੋ ਕੌਮੀ ਮਾਰਗਾਂ ’ਤੇ ਆਵਾਜਾਈ ਵੀ ਰੋਕ ਦਿੱਤੀ ਗਈ ਹੈ।