ਜਲੰਧਰ ਦੇ ਕਿਸ਼ਨਪੁਰਾ ਚੌਕ ਨੇੜੇ ਅੱਜ ਸਵੇਰੇ ਸਕੂਲੀ ਬੱਚਿਆਂ ਨਾਲ ਭਰਿਆ ਇੱਕ ਈ-ਰਿਕਸ਼ਾ ਇੱਕ ਖੰਭੇ ਨਾਲ ਟਕਰਾ ਗਿਆ। ਜਿਸ ਕਾਰਨ 3 ਤੋਂ 4 ਵਿਅਕਤੀ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲਗਾ ਹੈ ਕਿ ਈ-ਰਿਕਸ਼ਾ ਚਾਲਕ ਨਸ਼ੇ ਵਿੱਚ ਸੀ। ਹਾਦਸੇ ਦੌਰਾਨ ਦੋ ਲੜਕੀਆਂ ਗੰਭੀਰ ਜ਼ਖ਼ਮੀ ਹੋ ਗਈਆਂ। ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਸਥਾਨਕ ਲੋਕਾਂ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ।
ਹਰਿਆਣਾ ਵਿੱਚ ਵੀ ਸਕੂਲ ਬੱਸ ਦਾ ਹਾਦਸਾ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹਰਿਆਣਾ ਵਿੱਚ ਵੀ ਬੱਚਿਆਂ ਨਾਲ ਭਰੀ ਇੱਕ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਈਦ ਵਾਲੇ ਦਿਨ ਸਕੂਲ ਖੁੱਲ੍ਹਾ ਸੀ ਤੇ ਬੱਸ ਡਰਾਈਵਰ ਨਸ਼ੇ 'ਚ ਬੱਚਿਆਂ ਨੂੰ ਲਿਜਾ ਰਿਹਾ ਸੀ। ਬੱਸ ਤੇਜ਼ ਰਫਤਾਰ ਨਾਲ ਜਾ ਰਹੀ ਸੀ, ਜਿਸ ਕਾਰਨ ਡਰਾਈਵਰ ਕੰਟਰੋਲ ਗੁਆ ਬੈਠਾ ਤੇ ਬਸ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ 'ਚ 8 ਬੱਚਿਆਂ ਦੀ ਮੌਤ ਹੋ ਗਈ ਸੀ।