ਜੰਮੂ 'ਚ ਯਾਤਰੀਆਂ ਨਾਲ ਭਰੀ ਟੈਕਸੀ 300 ਫੁੱਟ ਡੂੰਘੀ ਖੱਡ 'ਚ ਡਿੱਗ ਗਈ। ਇਸ ਹਾਦਸੇ 'ਚ 10 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਬੀਤੀ ਰਾਤ 1.15 ਵਜੇ ਜੰਮੂ-ਸ੍ਰੀਨਗਰ ਨੈਸ਼ਨਲ ਹਾਈਵੇਅ 44 'ਤੇ ਰਾਮਬਨ ਵਿਖੇ ਵਾਪਰਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ 10 ਲੋਕਾਂ ਦੀਆਂ ਲਾਸ਼ਾਂ ਨੂੰ ਖੱਡ 'ਚੋਂ ਬਾਹਰ ਕੱਢਿਆ।
ਟਾਇਰ ਫਿਸਲਣ ਕਾਰਨ ਵਾਪਰਿਆ ਹਾਦਸਾ
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਟੈਕਸੀ ਦਾ ਟਾਇਰ ਫਿਸਲਣ ਕਾਰਨ ਵਾਪਰਿਆ। ਕਿਉਂਕਿ ਰਾਤ ਸਮੇਂ ਬਰਸਾਤ ਕਾਰਨ ਸੜਕ ’ਤੇ ਪਾਣੀ ਖੜ੍ਹਾ ਸੀ ਅਤੇ ਬਿਜਲੀ ਵੀ ਨਹੀਂ ਸੀ। ਪੂਰੇ ਇਲਾਕੇ ਵਿੱਚ ਹਨੇਰਾ ਛਾ ਗਿਆ, ਜਿਸ ਦੌਰਾਨ ਟੈਕਸੀ ਦਾ ਟਾਇਰ ਫਿਸਲ ਗਿਆ ਤੇ ਟੈਕਸੀ 300 ਫੁੱਟ ਡੂੰਘੀ ਜਾ ਡਿੱਗੀ।
ਮਾਰਚ ਮਹੀਨੇ ਪਹਿਲਾਂ ਵੀ ਵਾਪਰ ਚੁਕਿਆ ਹਾਦਸਾ
ਜ਼ਿਕਰਯੋਗ ਹੈ ਕਿ ਰਾਮਬਨ ਜ਼ਿਲ੍ਹੇ ਵਿੱਚ ਪਹਿਲਾਂ ਵੀ ਇੱਕ ਹਾਦਸਾ ਵਾਪਰ ਚੁਕਿਆ ਹੈ। 5 ਮਾਰਚ ਨੂੰ ਹਾਈਵੇਅ 'ਤੇ ਹੋਏ ਭਿਆਨਕ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਵਿੱਚ ਵੀ ਬੈਟਰੀ ਚਸ਼ਮਾ ਇਲਾਕੇ ਵਿੱਚ ਇੱਕ ਟਾਟਾ ਸੂਮੋ 150 ਮੀਟਰ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ।