ਪੰਜਾਬ ਅਤੇ ਹਰਿਆਣਾ 'ਚ ਮੀਂਹ ਪੈਣ ਕਾਰਨ ਮੌਸਮ 'ਚ ਕਾਫੀ ਬਦਲਾਅ ਆਇਆ ਹੈ, ਜਿਸ ਨਾਲ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਹੈ। ਇਸ ਦੌਰਾਨ ਮੌਸਮ ਵਿਭਾਗ ਵੱਲੋਂ ਇੱਕ ਵਾਰ ਫਿਰ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਦਰਅਸਲ, ਮੌਸਮ ਵਿਭਾਗ ਨੇ ਐਤਵਾਰ 12 ਮਈ ਤੋਂ ਮੰਗਲਵਾਰ 14 ਮਈ ਤੱਕ ਕਈ ਥਾਵਾਂ 'ਤੇ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 2 ਤੋਂ 4 ਡਿਗਰੀ ਤੱਕ ਗਿਰਾਵਟ ਆਉਣ ਦੀ ਸੰਭਾਵਨਾ ਹੈ।
ਕਿਸਾਨਾਂ ਲਈ ਐਡਵਾਈਜ਼ਰੀ ਜਾਰੀ
ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਕਿਸਾਨਾਂ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਐਡਵਾਈਜ਼ਰੀ ਅਨੁਸਾਰ ਕਿਸਾਨਾਂ ਨੂੰ ਮੀਂਹ ਦੌਰਾਨ ਸੁਰੱਖਿਅਤ ਥਾਵਾਂ 'ਤੇ ਫ਼ਸਲ ਦੀ ਕਟਾਈ ਕਰਨ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਆਮ ਲੋਕਾਂ ਨੂੰ ਵੀ ਖ਼ਰਾਬ ਮੌਸਮ ਦੌਰਾਨ ਬਾਹਰ ਜਾਣ ਤੋਂ ਗੁਰੇਜ਼ ਕਰਨ ਅਤੇ ਦਰੱਖਤਾਂ ਹੇਠ ਸ਼ਰਨ ਨਾ ਲੈਣ ਲਈ ਕਿਹਾ ਗਿਆ ਹੈ।
ਬਿਹਾਰ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ 11 ਲੋਕਾਂ ਦੀ ਮੌਤ
ਇਸ ਦੇ ਨਾਲ ਹੀ ਦੱਸ ਦੇਈਏ ਕਿ ਦੇਸ਼ ਦੇ ਕਈ ਸੂਬਿਆਂ 'ਚ ਤੂਫਾਨ ਅਤੇ ਬਿਜਲੀ ਡਿੱਗਣ ਦਾ ਸਿਲਸਿਲਾ ਜਾਰੀ ਹੈ। ਬਿਹਾਰ 'ਚ ਪਿਛਲੇ 24 ਘੰਟਿਆਂ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਅੱਜ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਚੱਲੇਗੀ। ਨਾਲ ਹੀ, ਮੌਸਮ ਵਿਭਾਗ ਨੇ ਅੱਜ ਆਂਧਰਾ ਪ੍ਰਦੇਸ਼, ਤੇਲੰਗਾਨਾ, ਓਡੀਸ਼ਾ, ਤਾਮਿਲਨਾਡੂ, ਪੁਡੂਚੇਰੀ, ਕੇਰਲ ਅਤੇ ਕਰਨਾਟਕ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਮਹਾਰਾਸ਼ਟਰ ਵਿੱਚ ਮੀਂਹ ਅਤੇ ਗੜੇ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ।