ਖ਼ਬਰਿਸਤਾਨ ਨੈੱਟਵਰਕ: ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਸੁਨੀਲ ਜਾਖੜ ਕੇਂਦਰ ਦੀਆਂ ਯੋਜਨਾਵਾਂ ਨੂੰ ਲੈ ਕੇ ਅਬੋਹਰ ਵਿੱਚ ਭਾਜਪਾ ਵੱਲੋਂ ਲਗਾਏ ਗਏ ਸਮਰਥਨ ਕੈਂਪ ਵਿੱਚ ਪਹੁੰਚਣ ਲਈ ਰਵਾਨਾ ਹੋਏ ਸਨ ਤੇ ਪੁਲਿਸ ਨੇ ਉਨ੍ਹਾਂ ਨੂੰ ਰਸਤੇ ਵਿੱਚ ਰੋਕ ਲਿਆ। ਇਸ ਤੋਂ ਬਾਅਦ ਸੁਨੀਲ ਜਾਖੜ ਟੋਲ ਪਲਾਜ਼ਾ ਨੇੜੇ ਧਰਨੇ 'ਤੇ ਬੈਠ ਗਏ। ਪੁਲਿਸ ਨੇ ਅਬੋਹਰ ਦੇ ਕਾਲਾ ਟਿੱਬਾ ਰੋਡ 'ਤੇ ਸੁਨੀਲ ਜਾਖੜ ਨੂੰ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਦੇ ਨਾਲ ਕਈ ਵਰਕਰਸ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਮੈਨੂੰ ਗ੍ਰਿਫ਼ਤਾਰ ਹੋਣ ਦੀ ਕੋਈ ਪਰਵਾਹ ਨਹੀਂ ਹੈ। ਅਸੀਂ ਗਰੀਬ ਲੋਕਾਂ ਨੂੰ ਕੇਂਦਰ ਦੀਆਂ ਯੋਜਨਾਵਾਂ ਬਾਰੇ ਦੱਸ ਕੇ ਉਨ੍ਹਾਂ ਨੂੰ ਲਾਭ ਪਹੁੰਚਾਉਣ ਗਏ ਹਾਂ, ਪਰ ਸਰਕਾਰ ਸਾਨੂੰ ਰੋਕ ਰਹੀ ਹੈ। ਅਸੀਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਣ ਦੇਵਾਂਗੇ। ਇਸ ਦੌਰਾਨ ਉਨ੍ਹਾਂ ਦੇ ਨਾਲ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਮੌਜੂਦ ਸਨ।
ਭਾਜਪਾ ਕੇਂਦਰ ਦੀਆਂ 8 ਸਕੀਮਾਂ ਨੂੰ ਪੰਜਾਬ ਵਿੱਚ ਲਾਗੂ ਕਰਕੇ 2027 ਵਿਧਾਨ ਸਭਾ ਚੋਣਾਂ ਲਈ ਆਪਣਾ ਵੋਟ ਆਧਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਸਬੰਧੀ ਭਾਜਪਾ ਵੱਲੋਂ ਸ਼ਹਿਰਾਂ ਦੇ ਨਾਲ ਨਾਲ ਹੁਣ ਪਿੰਡਾਂ ਵਿੱਚ ਵੀ ਕੈਂਪ ਲਗਾਏ ਜਾ ਰਹੇ ਹਨ।
ਬੀਤੇ ਦਿਨ ਵੀ ਪੰਜਾਬ ਪੁਲਿਸ ਨੇ 125 ਭਾਜਪਾ ਆਗੂਆਂ ਅਤੇ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਸੀ। ਇਸ ਤੋਂ ਬਾਅਦ ਭਾਜਪਾ ਪੰਜਾਬ ਦੇ ਵਫ਼ਦ ਨੇ ਭਾਜਪਾ ਆਗੂਆਂ ਦੀ ਗ੍ਰਿਫ਼ਤਾਰੀ ਵਿਰੁੱਧ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮੰਗ ਪੱਤਰ ਸੌਂਪਿਆ ਸੀ।