ਜਲੰਧਰ/ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਨੇ ਜਲੰਧਰ ਦੇ ਡੀ.ਸੀ. ਦਫ਼ਤਰ, ਖੇਤੀਬਾੜੀ ਦਫ਼ਤਰ ਦੇ ਅੱਗੇ ਕਰਮਚਾਰੀਆਂ ਨਾਲ ਗੇਟ ਰੈਲੀਆਂ ਕੀਤੀਆਂ। ਇਸ ਦੌਰਾਨ ਖ਼ਜ਼ਾਨਾ ਦਫ਼ਤਰ ਦੇ ਕਰਮਚਾਰੀਆਂ ਨੂੰ ਸੰਘਰਸ਼ ਲਈ ਲਾਮਬੰਦ ਵੀ ਕੀਤਾ ਗਿਆ।
ਯੂਨੀਅਨ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਸੰਧੂ ਤੇ ਸੂਬਾ ਜਨਰਲ ਸਕੱਤਰ ਪਿੱਪਲ ਸਿੰਘ ਸਿੱਧੂ ਦੀ ਅਗਵਾਈ ਵਿੱਚ ਦਿੱਤੇ ਗਏ ਸੰਘਰਸ਼ ਤਹਿਤ ਤੇਜਿੰਦਰ ਸਿੰਘ ਨੰਗਲ, ਸੂਬਾ ਵਧੀਕ ਜਨਰਲ ਸਕੱਤਰ, ਪੀ.ਐੱਸ.ਐਮ.ਐੱਸ.ਯੂ. ਪੰਜਾਬ ਦੀ ਅਗਵਾਈ ਵਿੱਚ ਇਹ ਸੰਘਰਸ਼ ਵਿੱਢਿਆ ਗਿਆ।
ਯੂਨੀਅਨ ਦੀਆਂ ਮੰਗਾਂ
ਇਸ ਦੌਰਾਨ ਤੇਜਿੰਦਰ ਸਿੰਘ ਨੰਗਲ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਤੁਰੰਤ ਬਹਾਲ ਕਰੇ, ਨਵੇਂ ਭਰਤੀ ਕਰਮਚਾਰੀਆਂ ਤੇ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰੇ, ਪਰਖਕਾਲ ਸਮੇਂ ਦੌਰਾਨ ਪੂਰੀ ਤਨਖ਼ਾਹ ਦੇਵੇ, ਬੰਦ ਕੀਤੀ ਏ.ਸੀ.ਪੀ. ਸਕੀਮ ਦੁਬਾਰਾ ਲਾਗੂ ਕਰੇ ਅਤੇ ਕੇਂਦਰ ਦੀ ਤਰਜ਼ ਉਤੇ 12% ਡੀ.ਏ. ਦੀਆਂ ਕਿਸ਼ਤਾਂ ਜਾਰੀ ਕਰੇ ਤੇ ਡੀ.ਏ. ਦਾ ਬਕਾਇਆ ਵੀ ਦਿੱਤਾ ਜਾਵੇ।
8 ਨਵੰਬਰ ਤੋਂ ਕਲਮਛੋੜ ਹੜਤਾਲ
ਇਸ ਦੌਰਾਨ ਉਨਾਂ ਦੱਸਿਆ ਕੇ ਪੀ.ਐੱਸ.ਐਮ.ਐੱਸ.ਯੂ. ਪੰਜਾਬ ਵੱਲੋਂ ਦਿੱਤੇ ਗਏ ਸੰਘਰਸ਼ ਤਹਿਤ ਮਿਤੀ 8 ਨਵੰਬਰ 2023 ਤੋਂ 13 ਨਵੰਬਰ 2023 ਤੱਕ ਮੁਕੰਮਲ ਕਲਮਛੋੜ ਹੜਤਾਲ ਕਰ ਕੇ ਕੰਪਿਊਟਰ ਬੰਦ ਤੇ ਆਨਲਾਈਨ ਕੰਮ ਬੰਦ ਰੱਖਿਆ ਜਾਵੇਗਾ, ਜੇਕਰ ਸਰਕਾਰ ਨੇ ਫ਼ਿਰ ਵੀ ਮੰਗਾਂ ਨਾ ਮੰਨੀਆਂ ਤਾਂ 13 ਨਵੰਬਰ ਨੂੰ ਜੱਥੇਬੰਦੀ ਦੀ ਸੂਬਾ ਪੱਧਰੀ ਮੀਟਿੰਗ ਕਰ ਕੇ ਅਗਲੇ ਸੰਘਰਸ਼ ਸੰਬੰਧੀ ਫ਼ੈਸਲਾ ਲਿਆ ਜਾਵੇਗਾ।