ਪੰਜਾਬ ਸਰਕਾਰ ਵਲੋਂ ਗਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਨੇੜੇ ਭਵਿੱਖ ਵਿਚ ਕਰਵਾਈਆਂ ਜਾ ਰਹੀਆਂ ਹਨ। ਆਮ ਚੋਣਾਂ ਤੋਂ ਪਹਿਲਾਂ ਗ੍ਰਾਮ ਪੰਚਾਇਤਾਂ ਨੂੰ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 29-ਏ ਤਹਿਤ ਭੰਗ ਕਰ ਕੇ ਗ੍ਰਾਮ ਪੰਚਾਇਤਾਂ ਦੇ ਰਿਕਾਰਡ ਦੀ ਸਾਂਭ-ਸੰਭਾਲ ਲਈ ਏ.ਈ, ਜੇ.ਈ, ਵੀ. ਡੀ.ਓ, ਐਸ. ਸੀ.ਪੀ.ਓ ਅਤੇ ਪੰਚਾਇਤ ਅਫਸਰਾਂ ਨੂੰ ਪ੍ਰਬੰਧਕ ਨਿਯੁਕਤ ਕਰਨ ਲਈ ਸਰਕਾਰ ਵਿਚਾਰ ਕਰ ਰਹੀ ਹੈ। ਦੱਸ ਦੇਈਏ ਕਿ ਪਹਿਲੀ ਮੀਟਿੰਗ ਤੋਂ 5 ਸਾਲਾਂ ਮਿਆਦ ਖਤਮ ਹੋਣ ਉਪਰੰਤ ਗ੍ਰਾਮ ਪੰਚਾਇਤਾਂ ਜਾ ਕੰਮ-ਕਾਜ ਚਲਾਉਣ ਲਈ ਪ੍ਰਬੰਧਕ ਨਿਯੁਕਤ ਕੀਤੇ ਜਾਣੇ ਹਨ।
ਚੋਣਾਂ ਨੂੰ ਲੈ ਕੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ 'ਚ ਹਲਚਲ ਹੋ ਗਈ ਹੈ। ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਨੂੰ ਭੰਗ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਭਲਕੇ ਤੱਕ ਜ਼ਿਲ੍ਹਾ ਪੰਚਾਇਤ ਅਫ਼ਸਰਾਂ ਤੋਂ ਪ੍ਰਬੰਧਕਾਂ ਦੀ ਸੂਚੀ ਮੰਗੀ ਗਈ ਹੈ।
ਪੰਚਾਇਤਾਂ ਭੰਗ ਕਰਕੇ ਪ੍ਰਬੰਧਕ ਨਿਯੁਕਤ ਕਰਨ ਸਬੰਧੀ ਕਾਰਵਾਈ ਸ਼ੁਰੂ ਹੋ ਗਈ ਹੈ। ਪੰਚਾਇਤਾਂ ਦਾ ਕਾਰਜਕਾਲ ਪੂਰਾ ਹੋ ਗਿਆ ਹੈ। ਇਸ ਲਈ ਕਦੇ ਵੀ ਚੋਣਾਂ ਦਾ ਐਲਾਨ ਹੋ ਸਕਦਾ ਹੈ।
ਪੰਜਾਬ ਵਿਚ ਹਨ 13 ਹਜ਼ਾਰ ਪੰਚਾਇਤਾਂ
ਪੰਜਾਬ ਵਿੱਚ ਪੰਚਾਇਤਾਂ ਦੀ ਕੁੱਲ ਗਿਣਤੀ 13,268 ਹੈ ਜਿਨ੍ਹਾਂ ਲਈ ਚੋਣਾਂ ਹੋਣੀਆਂ ਹਨ। ਇਹ ਚੋਣਾਂ ਜਨਵਰੀ 2019 ਵਿੱਚ ਹੋਈਆਂ ਸਨ ਅਤੇ ਉਸ ਤੋਂ ਬਾਅਦ ਸਰਪੰਚਾਂ ਨੇ ਅਹੁਦਾ ਸੰਭਾਲਿਆ ਸੀ। ਉਨ੍ਹਾਂ ਦਾ ਕਾਰਜਕਾਲ ਜਨਵਰੀ 2024 ਵਿੱਚ ਖਤਮ ਹੋ ਰਿਹਾ ਹੈ। ਪੰਜਾਬ ਸਰਕਾਰ ਇਨ੍ਹਾਂ ਚੋਣਾਂ ਵਿੱਚ ਦੇਰੀ ਨਹੀਂ ਕਰਨਾ ਚਾਹੁੰਦੀ ਅਤੇ ਇਸ ਗੱਲ ਦੀ ਸੰਭਾਵਨਾ ਹੈ ਕਿਇਹ ਚੋਣਾਂ ਜਨਵਰੀ 2024 ਵਿੱਚ ਹੀ ਕਰਵਾਈਆਂ ਜਾ ਸਕਦੀਆਂ ਹਨ।