ਦੇਸ਼ ਦੇ ਕਈ ਰਾਜ ਇਸ ਸਮੇਂ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਹਨ। ਇਸ ਦੌਰਾਨ, ਭਾਰਤੀ ਮੌਸਮ ਵਿਭਾਗ (IMD) ਨੇ ਇੱਕ ਵਾਰ ਫਿਰ ਗਰਮੀ ਦੀ ਲਹਿਰ ਦਾ ਅਲਰਟ ਜਾਰੀ ਕੀਤਾ ਹੈ। IMD ਨੇ 30 ਅਪ੍ਰੈਲ ਤੱਕ ਦੇਸ਼ ਦੇ ਪੂਰਬੀ ਤੇ ਦੱਖਣੀ ਖੇਤਰਾਂ ਵਿੱਚ ਸਖ਼ਤ ਗਰਮੀ ਦੀ ਚੇਤਾਵਨੀ ਜਾਰੀ ਕੀਤੀ ਹੈ। ਅੱਜ ਯਾਨੀ 28 ਅਪ੍ਰੈਲ ਨੂੰ ਪੰਜਾਬ, ਹਰਿਆਣਾ-ਚੰਡੀਗੜ੍ਹ-ਦਿੱਲੀ 'ਚ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਨਾਲ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।
ਪੰਜਾਬ-ਹਰਿਆਣਾ 'ਚ ਹਵਾ ਨਾਲ ਮੀਂਹ
ਅੱਜ ਯਾਨੀ 28 ਅਪ੍ਰੈਲ ਨੂੰ ਪੰਜਾਬ, ਹਰਿਆਣਾ-ਚੰਡੀਗੜ੍ਹ-ਦਿੱਲੀ 'ਚ ਗਰਜ, ਬਿਜਲੀ ਤੇ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਕਈ ਥਾਵਾਂ ’ਤੇ ਮੀਂਹ ਪਿਆ ਤੇ ਤੇਜ਼ ਹਵਾਵਾਂ ਵੀ ਚੱਲੀਆਂ। ਇਸ ਦੇ ਨਾਲ ਹੀ ਕੁਝ ਥਾਵਾਂ 'ਤੇ ਗੜੇਮਾਰੀ ਹੋਣ ਦੀ ਵੀ ਖ਼ਬਰ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਅਜਿਹਾ ਮੌਸਮ 30 ਅਪ੍ਰੈਲ ਤੱਕ ਰਹਿ ਸਕਦਾ ਹੈ।
ਮੌਸਮ ਵਿਭਾਗ ਮੁਤਾਬਕ 30 ਅਪ੍ਰੈਲ ਤੋਂ ਪੱਛਮੀ ਬੰਗਾਲ, ਉੜੀਸਾ ਦੇ ਕੁਝ ਹਿੱਸਿਆਂ ਤੇ ਉਪ-ਹਿਮਾਲੀਅਨ ਪੱਛਮੀ ਬੰਗਾਲ ਦੇ ਵੱਖ-ਵੱਖ ਇਲਾਕਿਆਂ 'ਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। IMD ਮੁਤਾਬਕ ਅਗਲੇ ਚਾਰ ਦਿਨਾਂ ਦੌਰਾਨ ਬਿਹਾਰ, ਝਾਰਖੰਡ, ਤੇਲੰਗਾਨਾ, ਰਾਇਲਸੀਮਾ, ਅੰਦਰੂਨੀ ਕਰਨਾਟਕ, ਤਾਮਿਲਨਾਡੂ, ਪੂਰਬੀ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। 28-29 ਅਪ੍ਰੈਲ ਦੇ ਦੌਰਾਨ ਕੋਂਕਣ, ਗੋਆ, ਪੱਛਮੀ ਉੱਤਰ ਪ੍ਰਦੇਸ਼, ਤੱਟਵਰਤੀ ਆਂਧਰਾ ਪ੍ਰਦੇਸ਼ ਤੇ ਯਾਨਾਮ ਵਿੱਚ ਵੀ ਅਜਿਹਾ ਹੀ ਮੌਸਮ ਹੋਣ ਦੀ ਸੰਭਾਵਨਾ ਹੈ।
ਝਾਰਖੰਡ 'ਚ ਵੀ ਮੌਸਮ ਵਿਭਾਗ ਨੇ ਸੂਬੇ ਦੇ ਜ਼ਿਆਦਾਤਰ ਹਿੱਸਿਆਂ 'ਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਪਾਰ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਕੋਲਹਾਨ, ਸੰਥਾਲ ਅਤੇ ਉੱਤਰੀ ਛੋਟਾਨਾਗਪੁਰ ਡਿਵੀਜ਼ਨ ਵਿੱਚ ਤਾਪਮਾਨ 29 ਅਪ੍ਰੈਲ ਤੱਕ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ।
ਸਕਾਈਮੇਟ ਦੇ ਮੌਸਮ ਦੀ ਭਵਿੱਖਬਾਣੀ ਦੇ ਅਨੁਸਾਰ, ਅਗਲੇ 2 ਦਿਨਾਂ ਦੌਰਾਨ ਪੱਛਮੀ ਹਿਮਾਲਿਆ ਵਿੱਚ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਬਰਫਬਾਰੀ ਦੀ ਸੰਭਾਵਨਾ ਹੈ। 28 ਅਪ੍ਰੈਲ ਨੂੰ ਜੰਮੂ-ਕਸ਼ਮੀਰ, ਗਿਲਗਿਤ-ਬਾਲਟਿਸਤਾਨ, ਮੁਜ਼ੱਫਰਾਬਾਦ ਤੇ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਭਾਰੀ ਮੀਂਹ ਤੇ ਬਰਫਬਾਰੀ ਹੋ ਸਕਦੀ ਹੈ। ਇਸ ਦੇ ਨਾਲ ਹੀ ਪੰਜਾਬ ਦੇ ਉੱਤਰੀ ਹਿੱਸਿਆਂ ਵਿੱਚ ਦੋ ਵਾਰ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈ ਸਕਦਾ ਹੈ।