ਉੱਤਰੀ ਭਾਰਤ ਸਮੇਤ ਦੇਸ਼ ਭਰ ਵਿੱਚ ਮੌਸਮ ਇੱਕ ਵਾਰ ਫਿਰ ਕਰਵਟ ਲੈ ਰਿਹਾ ਹੈ। ਇਸ ਦੌਰਾਨ ਮੌਸਮ ਵਿਭਾਗ ਨੇ 2 ਦਿਨਾਂ ਯਾਨੀ 26 ਅਤੇ 27 ਫਰਵਰੀ ਨੂੰ ਮੌਸਮ ਵਿੱਚ ਬਦਲਾਅ ਦੀ ਸੰਭਾਵਨਾ ਜਤਾਈ ਹੈ। ਜਿਸ ਕਾਰਨ ਦੇਸ਼ ਦੇ ਕਈ ਰਾਜਾਂ ਵਿੱਚ ਮੀਂਹ, ਹਨੇਰੀ, ਤੂਫ਼ਾਨ ਅਤੇ ਗੜੇ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਕਿਹਾ ਹੈ ਕਿ 29 ਫਰਵਰੀ ਨੂੰ ਭਾਰਤ ਦੇ ਪਹਾੜੀ ਰਾਜਾਂ ਵਿੱਚ ਇੱਕ ਨਵਾਂ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ।
IMD ਮੁਤਾਬਕ 27 ਫਰਵਰੀ ਦਰਮਿਆਨ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਉੜੀਸਾ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਪੈ ਸਕਦਾ ਹੈ।
ਪੰਜਾਬ ਹਰਿਆਣਾ ਵਿੱਚ 2 ਦਿਨ ਮੀਂਹ ਪੈਣ ਦੀ ਸੰਭਾਵਨਾ
ਪੰਜਾਬ-ਹਰਿਆਣਾ ਵਿੱਚ ਮੌਸਮ ਵਿਭਾਗ ਨੇ 26-27 ਨੂੰ ਗਰਜ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਅਨੁਸਾਰ ਲੁਧਿਆਣਾ, ਪਟਿਆਲਾ, ਜਲੰਧਰ, ਮੋਗਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਰਹਿ ਸਕਦੇ ਹਨ।
ਕਸ਼ਮੀਰ 'ਚ ਅੱਜ ਫਿਰ ਤੋਂ ਹੋ ਸਕਦੀ ਬਰਫਬਾਰੀ
ਮੌਸਮ ਵਿਭਾਗ ਮੁਤਾਬਕ ਕਸ਼ਮੀਰ 'ਚ ਅਗਲੇ ਦੋ-ਤਿੰਨ ਦਿਨਾਂ ਤੱਕ ਬਰਫਬਾਰੀ ਜਾਰੀ ਰਹਿ ਸਕਦੀ ਹੈ। ਇਸ ਦੇ ਨਾਲ ਹੀ ਗੁਲਮਰਗ, ਸੋਨਮਰਗ ਅਤੇ ਪਹਿਲਗਾਮ 'ਚ ਰੁਕ-ਰੁਕ ਕੇ ਬਰਫਬਾਰੀ ਜਾਰੀ ਹੈ। ਵਿਭਾਗ ਮੁਤਾਬਕ 26 ਤੋਂ ਜੰਮੂ-ਕਸ਼ਮੀਰ 'ਚ ਹਲਕੀ ਬਾਰਿਸ਼ ਜਾਂ ਬਰਫਬਾਰੀ ਦੀ ਸੰਭਾਵਨਾ ਹੈ।
ਦਿੱਲੀ-ਐਨਸੀਆਰ 'ਚ ਮੌਸਮ
ਦਿੱਲੀ-ਐਨਸੀਆਰ ਵਿੱਚ ਸਵੇਰ ਦੇ ਨਾਲ-ਨਾਲ ਸ਼ਾਮ ਨੂੰ ਵੀ ਠੰਡ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ ਠੰਡ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਸੋਮਵਾਰ ਰਾਤ ਨੂੰ ਬੱਦਲ ਛਾਏ ਰਹਿਣ ਅਤੇ ਬਾਰਿਸ਼ ਪੈਣ ਦੀ ਸੰਭਾਵਨਾ ਹੈ।
ਹਿਮਾਚਲ 'ਚ ਬਾਰਿਸ਼ ਦੇ ਨਾਲ ਬਰਫਬਾਰੀ ਦਾ ਅਲਰਟ
ਹਿਮਾਚਲ ਪ੍ਰਦੇਸ਼ 'ਚ ਕੁਝ ਥਾਵਾਂ 'ਤੇ ਹਲਕੀ ਬਰਫਬਾਰੀ ਹੋਈ ਹੈ। ਜਿਸ ਕਾਰਨ ਮੌਸਮ ਵਿਭਾਗ ਨੇ 26, 27 ਅਤੇ 29 ਫਰਵਰੀ ਨੂੰ ਕੇਂਦਰੀ ਪਹਾੜੀਆਂ 'ਚ ਕੁਝ ਥਾਵਾਂ 'ਤੇ ਅਤੇ 1 ਮਾਰਚ ਨੂੰ ਕਈ ਥਾਵਾਂ 'ਤੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਨੇ ਇਸ ਦੇ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਹੈ। 26, 27, 29 ਫਰਵਰੀ ਅਤੇ 1 ਅਤੇ 2 ਮਾਰਚ ਨੂੰ ਵੱਖ-ਵੱਖ ਥਾਵਾਂ 'ਤੇ ਤੂਫਾਨ ਅਤੇ ਬਿਜਲੀ ਡਿੱਗਣ ਦੀ ਚਿਤਾਵਨੀ ਦਿੱਤੀ ਹੈ।
ਕਈ ਇਲਾਕਿਆਂ ਵਿੱਚ ਪੈਣਗੇ ਗੜੇ
ਮੱਧ ਭਾਰਤ ਵਿੱਚ 26 ਅਤੇ 27 ਫਰਵਰੀ ਨੂੰ ਮੀਂਹ, ਗੜੇਮਾਰੀ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਪੂਰਬੀ ਮੱਧ ਪ੍ਰਦੇਸ਼ ਅਤੇ ਵਿਦਰਭ 'ਚ ਵੱਖ-ਵੱਖ ਥਾਵਾਂ 'ਤੇ ਬਾਰਿਸ਼ ਦੇ ਨਾਲ ਗੜੇਮਾਰੀ ਹੋ ਸਕਦੀ ਹੈ। ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ।