ਖ਼ਬਰਿਸਤਾਨ ਨੈੱਟਵਰਕ- ਕਰਨਾਟਕ ਦੇ ਕਾਂਗਰਸੀ ਵਿਧਾਇਕ ਕੇ.ਸੀ. ਵੀਰੇਂਦਰ ਨੂੰ ਈ.ਡੀ. ਨੇ ਸਿੱਕਮ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਵੀਰੇਂਦਰ ਵਿਰੁੱਧ ਮਨੀ ਲਾਂਡਰਿੰਗ ਤਹਿਤ ਕੀਤੀ ਗਈ ਹੈ। ਉਸ 'ਤੇ ਗੈਰ-ਕਾਨੂੰਨੀ ਔਨਲਾਈਨ ਅਤੇ ਔਫਲਾਈਨ ਸੱਟੇਬਾਜ਼ੀ ਦਾ ਦੋਸ਼ ਹੈ ਅਤੇ ਬੀਤੇ ਦਿਨੀਂ ਈ.ਡੀ. ਨੇ ਉਸ ਦੇ ਘਰੋਂ 12 ਕਰੋੜ ਨਕਦੀ ਅਤੇ 6 ਕਰੋੜ ਦੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਸਨ।
ਕਿਹਾ ਜਾ ਰਿਹਾ ਹੈ ਕਿ ਵਿਧਾਇਕ ਦੀ ਗੋਆ ਵਿੱਚ ਕੈਸੀਨੋ ਕਾਰੋਬਾਰ ਵਿੱਚ ਹਿੱਸੇਦਾਰੀ ਹੈ। ਉਹ ਲਗਭਗ ਪੰਜ ਕੈਸੀਨੋ ਦਾ ਮਾਲਕ ਹੈ। ਇਸ ਤੋਂ ਪਹਿਲਾਂ ਈਡੀ ਨੇ ਕੱਲ੍ਹ ਮਨੀ ਲਾਂਡਰਿੰਗ ਮਾਮਲੇ ਵਿੱਚ ਵੀਰੇਂਦਰ ਅਤੇ ਕੁਝ ਹੋਰਾਂ ਨਾਲ ਸਬੰਧਤ ਟਿਕਾਣਿਆਂ ਉਤੇ ਛਾਪੇਮਾਰੀ ਕੀਤੀ ਸੀ। ਇਹ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਦੀਆਂ ਧਾਰਾਵਾਂ ਤਹਿਤ ਕੀਤੀ ਜਾ ਰਹੀ ਹੈ।
ਹੁਣ ਤੱਕ 2 ਕਾਂਗਰਸੀ ਵਿਧਾਇਕ ਈ.ਡੀ. ਦੇ ਸ਼ਿਕੰਜੇ ਵਿੱਚ
ਇਸ ਤੋਂ ਪਹਿਲਾਂ 14 ਅਗਸਤ ਨੂੰ, ਈ.ਡੀ. ਨੇ ਕਰਨਾਟਕ ਦੇ ਕਾਂਗਰਸੀ ਵਿਧਾਇਕ ਸਤੀਸ਼ ਕ੍ਰਿਸ਼ਨਾ ਸੈਲ ਦੇ ਘਰੋਂ 1.41 ਕਰੋੜ ਰੁਪਏ ਜ਼ਬਤ ਕੀਤੇ ਸਨ। ਈ.ਡੀ. ਨੇ ਉਸ ਦੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਬੈਂਕ ਲਾਕਰਾਂ ਤੋਂ 6.75 ਕਿਲੋਗ੍ਰਾਮ ਸੋਨੇ ਦੇ ਗਹਿਣੇ ਅਤੇ ਬਿਸਕੁਟ ਬਰਾਮਦ ਕੀਤੇ ਸਨ। ਕਰਨਾਟਕ ਵਿੱਚ ਪਿਛਲੇ 8 ਦਿਨਾਂ ਵਿੱਚ, ਦੋ ਕਾਂਗਰਸੀ ਵਿਧਾਇਕ ਜਾਂਚ ਦੇ ਘੇਰੇ ਵਿੱਚ ਆਏ ਹਨ।